ਇਰਾਕ-ਈਰਾਨ ਸਰਹੱਦ 'ਤੇ ਜ਼ਬਰਦਸਤ ਭੂਚਾਲ, 340 ਮਰੇ, 2500 ਤੋਂ ਵੱਧ ਜ਼ਖ਼ਮੀ

ਖ਼ਬਰਾਂ, ਕੌਮਾਂਤਰੀ

ਸੁਲੇਮਾਨਿਆ, 13 ਨਵੰਬਰ: ਇਰਾਕ-ਈਰਾਨ ਸਰਹੱਦ 'ਤੇ ਬੀਤੀ ਰਾਤ ਇਕ ਵਜੇ ਆਏ ਜ਼ਬਰਦਸਤ ਭੂਚਾਲ ਕਾਰਨ ਦੋਹਾਂ ਦੇਸ਼ਾਂ ਵਿਚ ਦੇ ਹੁਣ ਤਕ 328 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2500 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੀ ਤੀਬਰਤਾ 7.3 ਰੀਕਾਰਡ ਕੀਤੀ ਗਈ ਹੈ। ਭੂਚਾਲ ਆਉਣ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਲਬੇ ਹੇਠਾਂ ਕਈਆਂ ਦੇ ਦਬੇ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਭੂਚਾਲ ਕਾਰਨ ਸੱਭ ਤੋਂ ਜ਼ਿਆਦਾ ਨੁਕਸਾਨ ਈਰਾਨ ਦੇ ਸ਼ਹਿਰਾਂ ਵਿਚ ਵੇਖਣ ਨੂੰ ਮਿਲਿਆ ਹੈ। ਈਰਾਨ ਦੇ ਇਕੱਲੇ ਸਰਪੋਲ-ਏ-ਜਹਾਬ ਕਸਬੇ ਵਿਚ ਲਗਭਗ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਥੋਂ ਦਾ ਮੁੱਖ ਹਸਪਤਾਲ ਵਿਚ ਭੂਚਾਲ ਕਾਰਨ ਢਹਿ-ਢੇਰੀ ਹੋ ਗਿਆ। ਅਧਿਕਾਰੀਆਂ ਮੁਤਾਬਕ ਇਰਾਕ ਵਿਚ ਕਈ ਜਣਿਆਂ ਦੀ ਮੌਤ ਹੋ ਗਈ ਜਦਕਿ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਭੂਚਾਲ ਕਾਰਨ ਈਰਾਨ ਤੇ ਇਰਾਕ ਦੇ ਕਈ ਸ਼ਹਿਰਾਂ ਦੀ ਬਿਜਲੀ ਠੱਪ ਹੋ ਗਈ। ਦੋਹਾਂ ਦੇਸ਼ਾਂ ਦੇ ਲਗਭਗ 10 ਹਜ਼ਾਰ ਲੋਕ ਡਰ ਦੇ ਮਾਰੇ ਠੰਢ ਵਿਚ ਸੜਕਾਂ 'ਤੇ ਰਹਿ ਰਹੇ ਹਨ। ਜਾਣਕਾਰੀ ਅਨੁਸਾਰ ਭੂਚਾਲ ਕਾਰਨ ਈਰਾਨ ਦੇ 20 ਤੋਂ ਜ਼ਿਆਦਾ ਪਿੰਡ ਤਬਾਹ ਹੋ ਗਏ ਹਨ। ਕੁਰਦਿਸ਼ ਟੀਵੀ ਅਨੁਸਾਰ ਇਰਾਕੀ ਕੁਰਦੀਸਤਾਨ ਵਿਚ ਕਈ ਲੋਕ ਭੂਚਾਲ ਕਾਰਨ ਅਪਣੇ ਘਰਾਂ ਨੂੰ ਛੱਡ ਕੇ ਜਾਨ ਬਚਾ ਕੇ ਭੱਜ ਗਏ ਹਨ ਹਾਲਾਂਕਿ ਇਥੋਂ ਕੋਈ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਲਗਭਗ ਪੰਜ ਸਾਲ ਪਹਿਲਾਂ ਵੀ ਇਰਾਕ-ਈਰਾਨ ਵਿਚ ਦੋ ਵੱਡੇ ਭੂਚਾਲ ਆਏ ਸਨ ਜਿਨ੍ਹਾਂ ਕਈ ਲੋਕ ਮਾਰੇ ਗਏ ਸਨ।