ਇਰਾਕੀ ਫ਼ੌਜ ਨੂੰ ਮਿਲੀ ਇਕ ਹੋਰ ਕਾਮਯਾਬੀ ਆਈ.ਐਸ. ਦੇ ਕਬਜ਼ੇ ਤੋਂ 'ਅਕਾਸ਼ਤ' ਕਸਬੇ ਨੂੰ ਆਜ਼ਾਦ ਕਰਵਾਇਆ

ਖ਼ਬਰਾਂ, ਕੌਮਾਂਤਰੀ



ਬਗ਼ਦਾਦ, 17 ਸਤੰਬਰ : ਇਰਾਕੀ ਸੁਰੱਖਿਆ ਫ਼ੌਜ ਨੇ ਸੀਰੀਆਈ ਸਰਹੱਦ ਨੇੜੇ 'ਅਕਾਸ਼ਤ' ਕਸਬੇ ਨੂੰ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਿਆ ਹੈ।

ਇਰਾਕ ਦੇ ਸੰਯੁਕਤ ਅਭਿਆਨ ਕਮਾਨ (ਜੇ.ਓ.ਸੀ.) ਦੇ ਲੈਫ਼ਟੀਨੈਂਟ ਜਨਰਲ ਅਬਦੁਲ ਅਮੀਰ ਯਾਰਾਲਾਹ ਨੇ ਜਾਰੀ ਬਿਆਨ 'ਚ ਕਿਹਾ ਕਿ ਇਰਾਕੀ ਫ਼ੌਜੀ, ਅਰਧ-ਫ਼ੌਜੀ ਹਸ਼ਦ ਸ਼ਾਬੀ ਬਲ ਅਤੇ ਸੀਮਾ ਸੁਰੱਖਿਆ ਫ਼ੌਜ ਨੇ ਸਨਿਚਰਵਾਰ ਨੂੰ 'ਅਕਾਸ਼ਤ' ਨੂੰ ਪੂਰੀ ਤਰ੍ਹਾਂ ਆਈ.ਐਸ. ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਿਆ ਅਤੇ ਇਸ ਤੋਂ ਬਾਅਦ ਇਥੋਂ ਦੀ ਸੜਕੀ ਆਵਾਜਾਈ ਨੂੰ ਦੁਬਾਰਾ ਖੋਲ੍ਹ ਦਿਤਾ।

ਯਾਰਾਲਾਹ ਨੇ ਦਸਿਆ ਕਿ ਆਈ.ਐਸ. ਦੇ ਕਬਜ਼ੇ ਤੋਂ ਹੋਰ ਖੇਤਰਾਂ ਨੂੰ ਵੀ ਆਜ਼ਾਦ ਕਰਵਾਉਣ ਲਈ ਮੁਹਿੰਮ ਜਾਰੀ ਕੀਤੀ ਹੋਈ ਹੈ। ਸਮਾਚਾਰ ਏਜੰਸੀ 'ਸਿੰਹੁਆ' ਮੁਤਾਬਕ ਅਕਾਸ਼ਤ ਨੂੰ ਆਈ.ਐਸ. ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਤੜਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ। ਜੇ.ਓ.ਸੀ. ਵਲੋਂ ਜਾਰੀ ਬਿਆਨ ਮੁਤਾਬਕ ਇਰਾਕੀ ਸੁਰੱਖਿਆ ਫ਼ੌਜ ਨੇ ਕਸਬੇ ਅਤੇ ਖੇਤਰ ਦੇ ਪਿੰਡਾਂ ਦੇ ਸਥਾਨਕ ਲੋਕਾਂ ਲਈ ਸਮਾਚਾਰਾਂ ਦੇ ਪ੍ਰਸਾਰਣ ਅਤੇ ਨਿਰਦੇਸ਼ਾਂ ਲਈ ਇਕ ਰੇਡੀਉ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਬੀਤੀ 31 ਅਗਸਤ ਨੂੰ ਐਲਾਨ ਕੀਤਾ ਕਿ ਇਸ ਦੇ ਫ਼ੌਜੀਆਂ ਨੇ ਉੱਤਰੀ ਸ਼ਹਿਰ ਤਾਲ ਅਫਰ ਅਤੇ ਇਸ ਦੇ ਆਸਪਾਸ ਦੇ ਖੇਤਰਾਂ 'ਤੇ ਮੁੜ ਕਬਜ਼ਾ ਕਰ ਲਿਆ ਹੈ। ਇਸ ਨੂੰ ਇਸਲਾਮਿਕ ਸਟੇਟ ਸੰਗਠਨ ਦੇ ਜਿਹਾਦਿਆਂ 'ਤੇ ਇਕ ਹੋਰ ਵੱਡੀ ਜਿੱਤ ਦਸਿਆ ਜਾ ਰਿਹਾ ਹੈ। ਤਾਲ ਅਫਰ ਉੱਤਰੀ ਇਰਾਕ 'ਚ ਜ਼ਿਹਾਦਿਆਂ ਦੇ ਕਬਜ਼ੇ ਵਾਲਾ ਆਖ਼ਰੀ ਵੱਡੀ ਆਬਾਦੀ ਵਾਲਾ ਕੇਂਦਰ ਸੀ।

ਪ੍ਰਧਾਨ ਮੰਤਰੀ ਹੈਦਰ ਅਲ ਆਬਦੀ ਦੇ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, ''ਅਸੀਂ ਖੁਸ਼ ਹਾਂ, ਜਿੱਤ ਮਿਲੀ ਹੈ ਅਤੇ ਨਿਨੇਵੇਹ ਸੂਬਾ ਹੁਣ ਪੂਰੀ ਤਰ੍ਹਾਂ ਸਾਡੇ ਹੱਥ 'ਚ ਹੈ।'' ਆਬਦੀ ਨੇ 12 ਦਿਨਾਂ ਦੀ ਲੜਾਈ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਤਾਲ ਅਫਰ ਨੇ ਕੌਮੀ ਖੇਤਰ 'ਚ ਅਪਣੀ ਥਾਂ ਫਿਰ ਤੋਂ ਹਾਸਲ ਕਰ ਲਈ ਹੈ।

ਅਬਾਦੀ ਨੇ ਕਿਹਾ, ''ਪਿਛਲੇ ਦਿਨੀਂ ਇਰਾਕੀ ਫ਼ੌਜ ਨੇ ਅਯਾਧਿਆ ਅਤੇ ਹੋਰ ਇਲਾਕਿਆਂ ਨੂੰ ਆਈ.ਐਸ. ਅਤਿਵਾਦੀਆਂ ਨੂੰ ਆਜ਼ਾਦ ਕਰਵਾਇਆ ਅਤੇ ਉਨ੍ਹਾਂ ਨੂੰ ਭੱਜਣ ਦਾ ਮੌਕਾ ਨਹੀਂ ਦਿਤਾ।''