'ਇਰਮਾ' ਤੋਂ ਬਾਅਦ ਇਕ ਹੋਰ ਤੂਫ਼ਾਨ ਦਾ ਕਹਿਰ

ਖ਼ਬਰਾਂ, ਕੌਮਾਂਤਰੀ



ਪਿਊਰਟੋ ਰਿਕੋ, 19 ਸਤੰਬਰ : ਕੈਰੇਬਿਆਈ ਆਈਲੈਂਡ 'ਇਰਮਾ' ਤੂਫ਼ਾਨ ਤੋਂ ਬਾਅਦ ਹੁਣ 'ਮਾਰਿਆ' ਤੂਫ਼ਾਨ ਦੀ ਤਬਾਹੀ ਝੱਲ ਰਿਹਾ ਹੈ। 'ਮਾਰਿਆ' ਨੇ ਕੈਰੇਬੀਅਨ ਆਈਲੈਂਡ ਡੋਮਿਨਿਕਾ 'ਤੇ ਦਸਤਕ ਦਿਤੀ ਹੈ। ਇਥੇ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਾਤਾਰ ਤੇਜ਼ ਹਵਾਵਾਂ ਚਲ ਰਹੀਆਂ ਹਨ। ਇਸ ਤੂਫ਼ਾਨ ਨੂੰ ਲੈ ਕੇ ਦਰਜਾ-5 ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਥੇ ਨਵੇਂ ਨੁਕਸਾਨ ਦੀ ਜਾਣਕਾਰੀ ਦਿਤੀ।

ਨੈਸ਼ਨਲ ਹਰਿਕੇਨ ਸੈਂਟਰ ਮੁਤਾਬਕ ਤੂਫ਼ਾਨ ਸੋਮਵਾਰ ਦੇਰ ਰਾਤ ਡੋਮਿਨਿਕਾ ਨਾਲ ਟਕਰਾਇਆ। ਉਸ ਸਮੇਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਸਨ। ਸੈਂਟਰ ਮੁਤਾਬਕ ਤੂਫ਼ਾਨ ਕਾਰਨ ਆਈਲੈਂਡ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ। ਇਹ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਕਾਰਨ ਪ੍ਰਧਾਨ ਮੰਤਰੀ ਦੀ ਕੋਠੀ ਦੀ ਛੱਤ ਉਡ ਗਈ ਅਤੇ ਅੰਦਰ ਪਾਣੀ ਭਰ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸੱਭ ਤੋਂ ਪਹਿਲੀ ਜ਼ਿੰਮੇਵਾਰੀ ਲੋਕਾਂ ਦੀ ਤਲਾਸ਼ ਅਤੇ ਉਨ੍ਹਾਂ ਦੀ ਸੁਰੱਖਿਆ ਹੈ। ਸੈਂਟਰ ਮੁਤਾਬਕ ਤੂਫ਼ਾਨ ਬਹੁਤ ਤੇਜ਼ੀ ਨਾਲ ਪਿਊਰਟੋ ਰਿਕੋ ਅਤੇ ਵਰਜਿਨ ਆਈਲੈਂਡ ਵਲ ਵੱਧ ਰਿਹਾ ਹੈ। ਇਸ ਦੀ ਰਫ਼ਤਾਰ ਘੱਟ ਹੋਣ ਦੀ ਉਮੀਦ ਨਹੀਂ ਹੈ।

ਫ਼ਰਾਂਸੀਸੀ ਕੈਰੇਬਿਆਈ ਟਾਪੂ ਗੁਆਡੇਲੂਪ ਨੇ ਸਾਰੇ ਖ਼ਤਰੇ ਵਾਲੇ ਖੇਤਰਾਂ ਨੂੰ ਖ਼ਾਲੀ ਕਰਨ ਦੇ ਆਦੇਸ਼ ਦਿਤੇ ਹਨ। ਲਗਭਗ 4 ਲੱਖ ਦੀ ਆਬਾਦੀ ਵਾਲੇ ਮਾਰਟਿਨਿਕ 'ਚ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਭਾਰੀ ਮੀਂਹ ਕਾਰਨ ਮਾਰਟੀਨਿਕ ਤੋਂ ਲਗਭਗ 16 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। (ਪੀਟੀਆਈ)