ਸੈਨ ਜੁਆਨ, 7 ਸਤੰਬਰ : ਅਮਰੀਕਾ 'ਚ ਦੋ
ਹਫ਼ਤੇ ਅੰਦਰ ਇਕ ਹੋਰ ਤੂਫ਼ਾਨ 'ਇਰਮਾ' ਤਬਾਹੀ ਮਚਾਉਣ ਵਾਲਾ ਹੈ। ਇਹ ਐਟਲਾਂਟਿਕ ਸਾਗਰ ਦਾ
ਹੁਣ ਤਕ ਦਾ ਸੱਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੈ।
'ਇਰਮਾ' ਬੁਧਵਾਰ ਨੂੰ ਕੈਰੇਬੀਆਈ ਟਾਪੂ
ਬਾਰਬੁਡਾ ਨਾਲ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਕਰਾਇਆ। ਅਮਰੀਕਾ ਦੇ
ਫ਼ਲੋਰੀਡਾ ਸੂਬੇ 'ਚ ਐਮਰਜੈਂਸੀ ਲਗਾ ਦਿਤੀ ਗਈ ਹੈ। ਤੂਫ਼ਾਨ ਕਾਰਨ ਘੱਟੋ-ਘੱਟ 10 ਲੋਕਾਂ ਦੀ
ਮੌਤ ਹੋ ਗਈ। ਤੂਫ਼ਾਨ ਦੇ ਸ਼ੁਕਰਵਾਰ ਦੇਰ ਰਾਤ ਤਕ ਅਮਰੀਕਾ ਪਹੁੰਚਣ ਦੀ ਸੰਭਾਵਨਾ ਹੈ। 166
ਸਾਲ 'ਚ ਇਹ ਦੂਜਾ ਮੌਕਾ ਹੈ, ਜਦੋਂ 15 ਦਿਨ 'ਚ ਅਮਰੀਕਾ ਵਿਚ ਦੋ ਸ਼ਕਤੀਸ਼ਾਲੀ ਤੂਫ਼ਾਨ
(ਹਾਰਵੇ ਤੋਂ ਬਾਅਦ ਇਰਮਾ) ਆਏ ਹਨ। ਇਰਮਾ ਤੋਂ ਲਗਭਗ 3 ਕਰੋੜ ਲੋਕਾਂ ਦੇ ਪ੍ਰਭਾਵਤ ਹੋਣ
ਦੀ ਸੰਭਾਵਨਾ ਹੈ। ਕੈਰੇਬੀਆਈ ਟਾਪੂ ਸੇਂਟ ਮਾਰਟਿਨ ਨੂੰ 'ਇਰਮਾ' ਨੇ ਭਾਰੀ ਨੁਕਸਾਨ
ਪਹੁੰਚਾਇਆ ਹੈ। ਇਹ ਟਾਪੂ 95 ਫ਼ੀ ਸਦੀ ਤਕ ਬਰਾਬਦ ਹੋ ਚੁੱਕਾ ਹੈ।
ਪਿਉਰਟੋ ਰੀਕੋ 'ਚ 9
ਲੱਖ ਲੋਕ ਬਿਨਾਂ ਬਿਜਲੀ ਰਹਿਣ ਲਈ ਮਜ਼ਬੂਰ ਹਨ। 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ
ਨਾਲ 'ਇਰਮਾ' ਸਭ ਤੋਂ ਪਹਿਲਾਂ ਐਂਟੀਗੁਆ ਅਤੇ ਬਰਬੁਡਾ ਪੁੱਜਾ ਅਤੇ ਇਥੇ 1400 ਲੋਕਾਂ ਦੇ
ਘਰ ਬਰਬਾਦ ਕਰ ਗਿਆ। ਤੂਫ਼ਾਨ ਛੇਤੀ ਹੀ ਫਲੋਰੀਡਾ ਅਤੇ ਡੋਮੀਨਿਸ਼ੀਅਨ ਰੀਪਬਲਿਕਨ ਵਲ ਵੱਧ
ਸਕਦਾ ਹੈ। ਸੁਰੱਖਿਆ ਕਾਰਨਾਂ ਕਰ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਕੂਲਾਂ ਨੂੰ
ਬੰਦ ਕਰਨ ਅਤੇ ਹਵਾਈ ਸੇਵਾਵਾਂ ਰੱਦ ਕਰ ਦਿਤੀਆਂ ਹਨ।
ਕੈਰੇਬੀਆਈ ਟਾਪੂਆਂ 'ਤੇ ਮੌਜੂਦ
ਲੋਕ ਜ਼ਰੂਰੀ ਚੀਜਾਂ ਇਕੱਤਰ ਕਰਨ ਦੇ ਮਕਸਦ ਨਾਲ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਸੁਪਰ
ਮਾਰਕੀਟ ਅਤੇ ਗੈਸ ਸਟੇਸ਼ਨਾਂ ਦੇ ਬਾਹਰ ਲੰਮੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ। ਫਲੋਰੀਡਾ
ਵਾਸੀਆਂ ਨੇ ਤੇਜ਼ ਹਵਾਵਾਂ ਤੋਂ ਬਚਣ ਲਈ ਲੱਕੜਾਂ ਦੇ ਬੋਰਡ ਕੰਧਾਂ, ਛੱਤਾਂ ਤੇ ਖਿੜਕੀਆਂ
'ਤੇ ਲਗਾ ਦਿਤੇ ਹਨ। ਦਸਿਆ ਜਾ ਰਿਹਾ ਹੈ ਕਿ ਕੁੱਝ ਹਿਸਿਆਂ 'ਚ ਬਿਜਲੀ ਸੇਵਾਵਾਂ ਠੀਕ
ਹੋਣ ਲਈ 4 ਤੋਂ 6 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਫਲੋਰੀਡਾ ਦੀ ਮਿਆਮੀ-ਡੈਡ ਕਾਉਂਟੀ
'ਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦੇ ਦਿਤੇ ਹਨ। (ਪੀਟੀਆਈ)