ਇਸਲਾਮਿਕ ਸਟੇਟ ਦਾ ਨੇਤਾ ਅਲ ਬਗਦਾਦੀ ਸ਼ਾਇਦ ਅਜੇ ਵੀ ਜਿਊਂਦਾ: ਅਮਰੀਕਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 1 ਸਤੰਬਰ: ਅਮਰੀਕੀ ਫ਼ੌਜ ਦੇ ਸੀਨੀਅਰ ਕਮਾਂਡਰ ਨੇ ਰੂਸ ਦੇ ਦਾਅਵਿਆਂ ਵਿਰੁਧ ਇਸਲਾਮਿਕ ਸਟੇਟ ਸਮੂਹ ਦੇ ਮੁਖੀ ਅਬੁ ਬਕਰ ਅਲ-ਬਗਦਾਦੀ ਦੇ ਜਿਉਂਦੇ ਹੋਣ ਦੀ ਸੰਭਾਵਨਾ ਦਸੀ ਹੈ। ਰੂਸ ਨੇ ਦਾਅਵਾ ਕੀਤਾ ਸੀ ਕਿ ਇਕ ਮਹੀਨੇ ਪਹਿਲਾਂ ਕੀਤੇ ਗਏ ਹਮਲਿਆਂ ਵਿਚ ਸ਼ਾਇਦ ਉਸ ਦੀ ਮੌਤ ਹੋ ਗਈ ਹੈ। ਇਰਾਕ ਤੇ ਸੀਰੀਆ ਵਿਚ ਇਸਲਾਮਿਕ ਸਟੇਟ ਸਮੂਹ ਨਾਲ ਲੜ ਰਹੇ ਗਠਜੋੜ ਦਸਤਿਆਂ ਦੀ ਅਗਵਾਈ ਕਰਨ ਵਾਲੇ ਅਮਰੀਕੀ ਫ਼ੌਜ ਦੇ ਲੈਫਟੀਨੈਂਟ ਜਨਰਲ ਸਟੀਫਨ ਟਾਉਨਸੇਂਡ ਨੇ ਸ਼ੱਕ ਜਤਾਇਆ ਕਿ ਅਲ ਬਗਦਾਦੀ ਸ਼ਾਇਦ ਅਜੇ ਵੀ ਜਿਉਂਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰੋਸਾ ਸਬੂਤਾਂ ਦੀ ਕਮੀ ਕਾਰਨ ਮਜ਼ਬੂਤ ਹੋਇਆ ਹੈ। ਅਲ-ਬਗਦਾਦੀ ਦੇ ਮਾਰੇ ਜਾਣ ਦੀ ਜੋ ਗੱਲ ਕਹੀ ਜਾ ਰਹੀ ਸੀ ਉਹ ਸਿਰਫ਼ ਅਫ਼ਵਾਹ ਸੀ। ਉਨ੍ਹਾਂ ਨੇ ਕਿਹਾ ਖ਼ੂਫੀਆ ਸੂਤਰਾਂ ਨੇ ਵੀ ਇਹ ਸੰਕੇਤ ਦਿਤੇ ਹਨ ਕਿ ਉਹ ਹਾਲੇ ਜਿਉਂਦਾ ਹੈ।
ਪੈਂਟਾਗਨ ਨੇ ਵੀਰਵਾਰ ਨੂੰ ਅਪਣੇ ਬਗਦਾਦ ਦਫ਼ਤਰ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਟਾਉਨਸੇਂਡ ਨੇ ਕਿਹਾ ਹੈ ਕਿ ਅਮਰੀਕਾ ਤੇ ਗਠਜੋੜ ਫ਼ੌਜ ਸਰਗਰਮੀ ਨਾਲ ਅਲ-ਬਗਦਾਦੀ ਨੂੰ ਲੱਭ ਰਹੀ ਹੈ। ਜੇ ਉਹ ਉਸ ਨੂੰ ਲੱਭ ਲੈਂਦੀ ਹੈ ਤਾਂ ਸ਼ਾਇਦ ਉਸ ਨੂੰ ਫੜਨ ਦੀ ਥਾਂ ਮਾਰ ਦੇਵੇ। ਟਾਉਨਸੇਂਡ ਨੇ ਕਿਹਾ ਕਿ ਅਲ-ਬਗਦਾਦੀ ਦੇ ਲੁਕੇ ਹੋਣ ਦੇ ਬਾਰੇ ਇਕ ਅੰਦਾਜ਼ਾ ਹੈ ਤੇ ਉਹ ਮੱਧ ਫ਼ਰਾਤ ਨਦੀ ਘਾਟੀ ਵਿਚ ਲੁਕਿਆ ਹੋ ਸਕਦਾ ਹੈ, ਜੋ ਪੂਰਬੀ ਸੀਰੀਆ ਦੇ ਦੇਈਰ ਐੱਲ-ਜ਼ੋਰ ਸਹਿਰ ਤੋਂ ਲਗਭਗ ਪੱਛਮੀ ਇਰਾਕ ਦੇ ਰਾਵਾ ਸ਼ਹਿਰ ਤਕ ਫੈਲਿਆ ਹੈ। (ਏਜੰਸੀ)