ਜਗਮੀਤ ਦੇ ਰੋਕੇ ਬਾਰੇ ਨਵੇਂ ਖੁਲਾਸੇ ਨੇ ਕੀਤਾ ਸਭ ਨੂੰ ਹੈਰਾਨ

ਖ਼ਬਰਾਂ, ਕੌਮਾਂਤਰੀ

ਟੋਰਾਂਟੋ-ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਧਾਲੀਵਾਲ ਦੀ ਮੰਗਣੀ ਬਾਰੇ ਨਵਾਂ ਖੁਲਾਸਾ ਹੋਇਆ ਹੈ। ਜਗਮੀਤ ਦੇ ਪ੍ਰੈੱਸ ਸਕੱਤਰ ਜੇਮਜ਼ ਸਮਿੱਥ ਨੇ ਦੱਸਿਆ ਕਿ ਨਾ ਮੰਗਣੀ ਅਤੇ ਨਾ ਵਿਆਹ ਦੀ ਰਸਮ ਹੋਈ ਹੈ। 

ਇਹ ਤਾਂ ਸਿਰਫ ਦੋਵਾਂ ਪਰਿਵਾਰਾਂ ਦੇ ਪਹਿਲੀ ਵਾਰ ਰਸਮੀ ਤੌਰ 'ਤੇ ਮਿਲ-ਬੈਠਣ ਦੇ ਮੌਕੇ ਦੀਆਂ ਤਸਵੀਰਾਂ ਹਨ। ਇਹ ਵੀ ਕਿ ਦੋਵੇਂ ਪਰਿਵਾਰ ਇਸ ਨੂੰ 'ਰੋਕਾ' ਦਾ ਨਾਂਅ ਨਹੀਂ ਦੇਣਾ ਚਾਹੁੰਦੇ ਪਰ ਅੱਗੇ ਚੱਲ ਕੇ ਅਜਿਹਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ। 

ਸਮਿੱਥ ਨੇ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਖਬਰਾਂ ਨੂੰ ਸੱਚ ਨਾ ਮੰਨਿਆ ਜਾਵੇ, ਕਿਉਂਕਿ ਜਗਮੀਤ ਅਤੇ ਉਨ੍ਹਾਂ ਦਾ ਪਰਿਵਾਰ ਲੋਕਾਂ ਨੂੰ ਦਰੁੱਸਤ ਜਾਣਕਾਰੀ ਦੇਣ ਵਿਚ ਵਿਸ਼ਵਾਸ ਕਰਦੇ ਹਨ। ਜਿਕਰਯੋਗ ਹੈ ਕਿ ਜਗਮੀਤ ਸਿੰਘ ਧਾਲੀਵਾਲ (38) ਦੀ ਬਰੈਂਪਟਨ ਵਿਖੇ ਗੁਰਕਿਰਨ ਕੌਰ ਸਿੱਧੂ (27) ਨਾਲ 'ਰੋਕਾ' ਭਾਵ ਮੰਗਣੀ ਦੀਆਂ ਤਸਵੀਰਾਂ ਬੀਤੇ ਐਤਵਾਰ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹਨ। 

ਉਨ੍ਹਾਂ ਨੂੰ ਦੁਨੀਆ ਭਰ ਤੋਂ ਸ਼ੁਭ ਚਿੰਤਕ ਵਧਾਈ ਸੰਦੇਸ਼ ਭੇਜ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਸਪੱਸ਼ਟ ਨਹੀਂ ਹੋ ਰਿਹਾ ਕਿ ਉਸ ਜੋੜੀ ਦਾ ਵਿਆਹ ਹੋਇਆ ਹੈ ਜਾਂ ਮੰਗਣੀ ਕੀਤੀ ਹੈ।