ਜਾਪਾਨ 'ਚ ਅੱਗ ਲੱਗਣ ਕਾਰਨ 11 ਜਣਿਆਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਟੋਕੀਉ, 1 ਫ਼ਰਵਰੀ : ਉੱਤਰੀ ਜਾਪਾਨ 'ਚ ਸਥਿਤ ਇਕ ਓਲਡਏਜ਼ ਹੋਮ (ਬ੍ਰਿਧ ਆਸ਼ਰਮ) 'ਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਤਿੰਨ ਮੰਜ਼ਲਾਂ ਇਮਾਰਤ 'ਚ ਅੱਗ ਲੱਗਣ ਕਾਰਨ ਬਹੁਤ ਨੁਕਸਾਨ ਹੋਇਆ। ਦਰਜਨਾਂ ਫ਼ਾਇਰ ਫ਼ਾਈਟਰਾਂ ਨੇ ਬਰਫ਼ੀਲੀ ਪਰਿਸਥਿਤੀਆਂ 'ਚ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ।ਅੱਗ ਲੱਗਣ ਕਾਰਨ ਇਮਾਰਤ ਦੀ ਛੱਤ ਢਹਿ ਗਈ। ਪੀੜਤਾਂ 'ਚ 8 ਮਰਦ ਅਤੇ 3 ਔਰਤਾਂ ਸ਼ਾਮਲ ਹਨ। ਹਕਕੈਦੋ ਦੇ ਸਪੋਰੋ 'ਚ ਸਥਿਤ ਇਸ ਇਮਾਰਤ ਦਾ ਪ੍ਰਬੰਧ ਸਥਾਨਕ ਸੰਸਥਾ ਵੇਖਦੀ ਹੈ। ਇਸ 'ਚ ਕੁੱਲ 16 ਲੋਕ ਰਹਿੰਦੇ ਸਨ। ਪੁਲਿਸ ਬੁਲਾਰੇ ਨੇ ਦਸਿਆ ਕਿ ਹੋਰ ਪੰਜ ਲੋਕਾਂ ਨੂੰ

ਮਾਮੂਲੀ ਰੂਪ 'ਚ ਸੱਟਾਂ ਲੱਗੀਆਂ ਹਨ। ਪੀੜਤਾਂ ਦੀ ਪਛਾਣ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦਾ ਸਭ ਤੋਂ ਪਹਿਲਾ ਪਤਾ ਦੁਪਹਿਰ 2:45 ਵਜੇ ਇਕ ਐਮਰਜੈਂਸੀ ਫ਼ੋਨ ਰਾਹੀਂ ਲੱਗਾ। ਪੁਲਿਸ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ।ਸਥਾਨਕ ਮੀਡੀਆ ਮੁਤਾਬਕ ਇਥੇ ਰਾਤ ਸਮੇਂ ਆਮ ਤੌਰ 'ਤੇ ਕੋਈ ਮੁਲਾਜ਼ਮ ਨਹੀਂ ਹੁੰਦਾ। (ਪੀਟੀਆਈ)