ਟੋਕੀਉ, 4 ਨਵੰਬਰ : ਮਿਸਟਰ ਇੰਡੀਆ ਫ਼ਿਲਮ ਵੇਖਣ ਮਗਰੋਂ ਤੁਹਾਡੇ ਮਨ ਵਿਚ ਇਕ ਵਾਰ ਤਾਂ ਇਹ ਖ਼ਾਹਿਸ਼ ਜ਼ਰੂਰ ਜਾਗੀ ਹੋਵੇਗੀ ਕਿ ਕਾਸ਼ ਤੁਸੀਂ ਵੀ ਅਦਿਖ ਹੋ ਕੇ ਕਿਸੇ ਨਾਲ ਗੱਲ ਕਰੋ ਅਤੇ ਉਹ ਵਿਅਕਤੀ ਨਾ ਤੁਹਾਨੂੰ ਵੇਖ ਸਕੇ ਤੇ ਨਾ ਹੀ ਪਛਾਣ ਸਕੇ। ਅਜਿਹਾ ਹੀ ਕੁੱਝ ਜਾਪਾਨ ਦੇ ਤੋਕੀਉ ਸੂਬੇ ਵਿਚ ਹੋਇਆ ਜਿਥੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਾਲੇ ਇਕ ਅਦਿਖ ਪਾਤਰ ਨੂੰ ਸ਼ਹਿਰ ਦਾ ਅਧਿਕਾਰਤ ਨਿਵਾਸੀ ਬਣਾਇਆ ਗਿਆ ਹੈ ਅਤੇ ਇਹ ਵਰਚੂਅਲ ਪਾਤਰ ਸੱਤ ਸਾਲ ਦੇ ਗਾਲੜੀ ਮੁੰਡੇ ਵਾਂਗ ਲਗਦਾ ਹੈ। 'ਸ਼ਿਬੁਆ ਮਿਰਈ' ਨਾਮ ਦੇ ਇਸ ਮੁੰਡੇ ਦਾ ਵਜੂਦ ਸਰੀਰਕ ਤੌਰ 'ਤੇ ਨਹੀਂ ਪਰ ਉਹ ਮੈਸੇਜਿੰਗ ਐਪ 'ਲਾਈਨ' 'ਤੇ ਲੋਕਾਂ ਨਾਲ
ਗੱਪਾਂ ਮਾਰ ਸਕਦਾ ਹੈ। ਉਹ ਸੰਦੇਸ਼ਾਂ ਦਾ ਜਵਾਬ ਵੀ ਦੇ ਸਕਦਾ ਹੈ। ਉਹ ਜਾਪਾਨ ਦਾ ਪਹਿਲਾ ਅਤੇ ਸ਼ਾਇਦ ਦੁਨੀਆਂ ਦਾ ਪਹਿਲਾ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਪਾਤਰ ਬਣ ਗਿਆ ਹੈ ਜਿਸ ਦਾ ਨਾਮ ਅਸਲ ਜ਼ਿੰਦਗੀ ਦੀ ਸਥਾਨਕ ਰਜਿਸਟਰੀ ਵਿਚ ਦਰਜ ਕੀਤਾ ਗਿਆ ਹੈ। ਮਸ਼ੀਨਾਂ ਦੁਆਰਾ ਵਿਖਾਈ ਜਾਣ ਵਾਲੀ ਅਕਲ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ। ਫ਼ੈਸ਼ਨ ਪ੍ਰਤੀ ਰੁਚੀ ਰੱਖਣ ਵਾਲੇ ਨੌਜਵਾਨਾਂ ਲਈ ਮਕਬੂਲ ਤੋਕਿਉ ਸ਼ਹਿਰ ਦੇ ਸ਼ਿਬੁਆ ਵਾਰਡ ਨੇ ਇਸ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਾਲੇ ਪਾਤਰ ਨੂੰ ਵਿਸ਼ੇਸ਼ ਨਿਵਾਸੀ ਦਾ ਸਰਟੀਫ਼ੀਕੇਟ ਦਿਤਾ ਹੈ। (ਏਜੰਸੀ)