ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਭਾਰਤ ਦੌਰੇ 'ਤੇ ਆ ਰਹੇ ਹਨ। 7 ਦਿਨਾਂ ਦੇ ਇਸ ਦੌਰੇ ਦੌਰਾਨ ਟਰੂਡੋ ਅੰਮ੍ਰਿਤਸਰ, ਆਗਰਾ, ਅਹਿਮਦਾਬਾਦ, ਮੁੰਬਈ ਅਤੇ ਨਵੀਂ ਦਿੱਲੀ ਜਾਣਗੇ। ਟਰੂਡੋ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।
ਇਸ ਤੋਂ ਇਲਾਵਾ ਉਹ ਤਾਜ ਮਹੱਲ, ਜਾਮਾ ਮਸਜਿਦ ਅਤੇ ਦਿੱਲੀ ਵਿਖੇ ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ 'ਚ ਵੀ ਜਾਣਗੇ। 17 ਫਰਵਰੀ ਤੋਂ 23 ਫਰਵਰੀ ਤਕ ਟਰੂਡੋ ਭਾਰਤ ਦੀ ਸੈਰ ਕਰਨਗੇ ਅਤੇ ਕਈ ਖਾਸ ਮੁੱਦਿਆਂ 'ਤੇ ਬੈਠਕ ਕਰਨਗੇ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਗੂੜੇ ਹਨ ਤੇ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਟਰੂਡੋ ਭਾਰਤ ਦਾ ਦੌਰਾ ਕਰ ਰਹੇ ਹਨ। ਇਕ ਮਿਲੀਅਨ ਤੋਂ ਵਧੇਰੇ ਭਾਰਤੀ ਮੂਲ ਦੇ ਕੈਨੇਡੀਅਨ ਇਨ੍ਹਾਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਮਿਸਾਲ ਹਨ।
ਫਿਲਹਾਲ ਟਰੂਡੋ ਅਤੇ ਪ੍ਰਧਾਨ ਮੰਤਰੀ ਮੋਦੀ ਸਵਿਟਜ਼ਰਲੈਂਡ 'ਚ ਹਨ, ਜਿੱਥੇ ਇਨ੍ਹਾਂ ਦੋਹਾਂ ਨੇਤਾਵਾਂ ਦੇ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਟਰੂਡੋ ਨੇ ਕਿਹਾ ਕਿ ਇਸ ਦੌਰੇ ਦੌਰਾਨ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਦੇ ਨਾਲ-ਨਾਲ ਉਹ ਵਪਾਰ ਸੰਬੰਧੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਹ ਔਰਤਾਂ ਅਤੇ ਕੁੜੀਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਗੇ।