ਅਮਰੀਕਾ 'ਚ ਡੋਨਾਲਡ ਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਵੀਜ਼ੇ ਨਾਲ ਜੁੜੇ ਨਿਯਮ ਸਖਤ ਹੁੰਦੇ ਜਾ ਰਹੇ ਹਨ। ਬੀਤੀ ਦਿਨੀਂ ਮੰਗਲਵਰ ਨੂੰ ਮੈਨਹਟਨ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉੱਥੇ ਗ੍ਰੀਨ ਕਾਰਡ ਹਾਸਲ ਕਰਨਾ ਵੀ ਆਸਾਨ ਨਹੀਂ ਹੋਵੇਗਾ।
ਭਾਰਤ 'ਚ ਵੀ ਅਮਰੀਕੀ ਵੀਜ਼ਾ ਨੂੰ ਲੈ ਕੇ ਕਈ ਅਫਵਾਹਾਂ ਉੱਡ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਹੁਣ ਭਾਰਤ ਦੇ ਲੋਕਾਂ ਨੂੰ ਵੀ ਲੰਬੀ ਮਿਆਦ ਦਾ ਵੀਜ਼ਾ ਨਹੀਂ ਦੇਵੇਗਾ। ਖਬਰਾਂ ਮੁਤਾਬਕ, ਇਸ ਅਫਵਾਹ 'ਤੇ ਭਾਰਤ 'ਚ ਕੰਮ ਕਰਨ ਵਾਲੇ ਅਮਰੀਕੀ ਦੂਤਘਰ ਵੱਲੋਂ ਸਫਾਈ ਦਿੱਤੀ ਗਈ ਹੈ। ਇਸ ਸਫਾਈ 'ਚ ਦੂਤਘਰ ਨੇ ਕਿਹਾ ਹੈ ਕਿ ਉਹ ਹੁਣ ਵੀ 10 ਸਾਲ ਦੀ ਲੰਬੇ ਸਮੇਂ ਦਾ ਵੀਜ਼ਾ ਭਾਰਤੀਆਂ ਲਈ ਜਾਰੀ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿ ਜੇਕਰ ਕੋਈ 10 ਸਾਲ ਲਈ ਵੀਜ਼ਾ ਲੈਣਾ ਚਾਹੁੰਦਾ ਹੈ ਤਾਂ ਕਿਵੇਂ ਅਪਲਾਈ ਕਰ ਸਕਦਾ ਹੈ ਅਤੇ ਇਸ ਵੀਜ਼ਾ ਦਾ ਉਸ ਨੂੰ ਕੀ ਲਾਭ ਮਿਲਦਾ ਹੈ।
ਇਸ ਲਈ ਬਕਾਇਦਾ ਇੰਟਰਵਿਊ ਦੇਣੀ ਹੁੰਦੀ ਹੈ, ਯਾਨੀ ਦੂਤਘਰ ਵੱਲੋਂ ਕਰਾਈ ਜਾਣ ਵਾਲੀ ਇੰਟਰਵਿਊ ਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਦੂਤਘਰ ਦੇ ਅਧਿਕਾਰੀ ਤੈਅ ਕਰਦੇ ਹਨ ਕਿ ਤੁਹਾਨੂੰ ਵੀਜ਼ਾ ਮਿਲੇਗਾ ਜਾਂ ਨਹੀਂ। ਜੇਕਰ ਤੁਸੀਂ ਇਸ ਸ਼੍ਰੇਣੀ 'ਚ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਅਧਿਕਾਰੀਆਂ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਅਮਰੀਕਾ 'ਚ ਤੁਹਾਡੇ ਪਰਿਵਾਰਕ ਰਿਸ਼ਤੇਦਾਰ ਰਹਿੰਦੇ ਹਨ ਜਾਂ ਫਿਰ ਤੁਸੀਂ ਉੱਥੇ ਕਾਰੋਬਾਰ ਨਾਲ ਜੁੜੇ ਕੰਮ ਕਰਦੇ ਹੋ।
ਹਾਲਾਂਕਿ, ਦੂਤਘਰ ਮੁਤਾਬਕ ਵੀਜ਼ਾ ਜਾਰੀ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਅਮਰੀਕਾ 'ਚ ਦਾਖਲ ਹੋ ਸਕਦੇ ਹੋ। ਵੀਜ਼ਾ ਸਿਰਫ ਤੁਹਾਨੂੰ ਅਮਰੀਕਾ ਦੇ ਦਰਵਾਜ਼ੇ ਤਕ ਪਹੁੰਚਾਉਂਦਾ ਹੈ। ਬਾਕੀ ਦਾ ਸਾਰਾ ਫੈਸਲਾ ਅਮਰੀਕਾ ਦੇ ਗ੍ਰਹਿ ਵਿਭਾਗ 'ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ' ਦੇ ਹੱਥਾਂ 'ਚ ਹੁੰਦਾ ਹੈ। ਵਿਭਾਗ ਹੀ ਫੈਸਲਾ ਕਰਦਾ ਹੈ ਕਿ ਤੁਸੀਂ ਅਮਰੀਕਾ ਦੀ ਸਰਹੱਦ 'ਚ ਦਾਖਲ ਹੋ ਸਕਦੇ ਹੋ ਜਾਂ ਨਹੀਂ, ਜੇਕਰ ਤੁਸੀਂ ਅਮਰੀਕਾ 'ਚ ਰੁਕੋਗੇ ਤਾਂ ਕਿੰਨੀ ਦੇਰ ਲਈ ਰੁਕੋਗੇ।