ਕਾਬੁਲ 'ਚ ਬੰਬ ਧਮਾਕੇ, 40 ਹਲਾਕ

ਖ਼ਬਰਾਂ, ਕੌਮਾਂਤਰੀ

ਕਾਬੁਲ, 28 ਦਸੰਬਰ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਸ਼ੀਆ ਸਭਿਆਚਾਰਕ ਕੇਂਦਰ 'ਚ ਵੀਰਵਾਰ ਨੂੰ ਹੋਏ ਕਈ ਧਮਾਕਿਆਂ 'ਚ ਘੱਟੋ-ਘੱਟ 40 ਲੋਕ ਮਾਰੇ ਗਏ ਅਤੇ 30 ਜ਼ਖ਼ਮੀ ਹੋ ਗਏ। ਇਹ ਧਮਾਕਾ ਕਾਬੁਲ ਦੇ ਅਫ਼ਗ਼ਾਨ ਵਾਇਸ ਨਿਊਜ਼ ਏਜੰਸੀ ਨੇੜੇ ਹੋਇਆ।
ਗ੍ਰਹਿ ਮੰਤਰਾਲਾ ਦੇ ਉਪ ਬੁਲਾਰੇ ਨਸਰਤ ਰਹੀਮੀ ਨੇ ਦਸਿਆ ਕਿ ਇਹ ਹਮਲਾ ਤਬਾਯਾਨ ਸੱਭਿਆਚਾਰਕ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਉਥੇ ਅਫ਼ਗ਼ਾਨਿਸਤਾਨ ਉਤੇ ਸੋਵੀਅਤ ਸੰਘ ਵਲੋਂ ਕੀਤੇ ਹਮਲੇ ਦੇ 38 ਸਾਲ ਪੂਰੇ ਹੋਣ ਮੌਕੇ ਇਕ ਪ੍ਰੋਗਰਾਮ ਚਲ ਰਿਹਾ ਸੀ। ਧਮਾਕਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸਲਾਮਿਕ ਸਟੇਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜਧਾਨੀ ਦੇ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਤਿੰਨ ਆਤਮਘਾਤੀ ਧਮਾਕੇ ਕੀਤੇ ਸਨ।ਅਫ਼ਗ਼ਾਨੀ ਫ਼ੌਜ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਫ਼ਗ਼ਾਨ ਵਾਇਸ ਏਜੰਸੀ ਦੇ ਪੱਤਰਕਾਰ ਸਇਯਦ ਅੱਬਾਸ ਨੇ ਦਸਿਆ ਕਿ ਇਕ ਤੋਂ ਵੱਧ ਧਮਾਕੇ ਹੋਏ ਹਨ। 

ਅਫ਼ਗ਼ਾਨ ਜਰਨਲਿਸਟ ਸੇਫ਼ਟੀ ਕਮੇਟੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅਫ਼ਗ਼ਾਨ ਅਧਿਕਾਰੀਆਂ ਮੁਤਾਬਕ ਮਾਰੇ ਗਏ ਲੋਕਾਂ 'ਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਪੱਤਰਕਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸੇ ਸਾਲ ਮਈ 'ਚ ਕਾਬੁਲ ਸਥਿਤ ਭਾਰਤੀ ਦੂਤਘਰ ਨੇੜੇ ਵੀ ਅਜਿਹਾ ਹੀ ਧਮਾਕਾ ਹੋਇਆ ਸੀ, ਜਿਸ 'ਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਸਨ। ਗੁਲਾਈ ਦਾਵਾ ਖਾਨਾ ਇਲਾਕੇ 'ਚ ਵੀ 24 ਜੁਲਾਈ ਨੂੰ ਆਤਮਘਾਤੀ ਧਮਾਕਾ ਹੋਇਆ ਸੀ, ਜਿਸ 'ਚ 24 ਲੋਕ ਮਾਰੇ ਗਏ ਸਨ ਅਤੇ 42 ਜ਼ਖ਼ਮੀ ਹੋਏ ਸਨ।ਯੂਨਾਈਟਿਡ ਨੇਸ਼ਨ ਅਸਿਸਟੈਂਸ ਮਿਸ਼ਨ ਇਨ ਅਫ਼ਗ਼ਾਨਿਸਤਾਨ ਦੀ ਰੀਪੋਰਟ ਮੁਤਾਬਕ ਪਿਛਲੇ ਸਾਲ ਅਫ਼ਗ਼ਾਨਿਸਤਾਨ 'ਚ ਹਮਲਿਆਂ ਵਿਚ 3498 ਆਮ ਲੋਕਾਂ ਦੀ ਮੌਤ ਹੋਈ ਸੀ। 7920 ਜ਼ਖ਼ਮੀ ਹੋਏ ਸਨ। ਪਿਛਲੇ 8 ਸਾਲਾਂ 'ਚ ਇਹ ਅੰਕੜਾ ਸੱਭ ਤੋਂ ਵੱਧ ਸੀ। (ਪੀਟੀਆਈ)