ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਨੇ 30 ਰਾਕਟ ਦਾਗ਼ੇ

ਖ਼ਬਰਾਂ, ਕੌਮਾਂਤਰੀ

ਕਾਬੁਲ, 27 ਸਤੰਬਰ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੁਧਵਾਰ ਨੂੰ ਹਾਮਿਦ ਕਰਜਈ ਇੰਟਰਨੈਸ਼ਨਲ ਏਅਰਪੋਰਟ 'ਤੇ ਤਾਲਿਬਾਨ ਨੇ 20 ਤੋਂ 30 ਰਾਕਟ ਦਾਗ਼ੇ ਗਏ। ਖ਼ਬਰਾਂ ਅਨੁਸਾਰ ਅਮਰੀਕਾ ਦੇ ਰਖਿਆ ਮੰਤਰੀ ਜਨਰਲ ਜੇਮਸ ਮੈਟਿਸ ਅਤੇ ਨਾਟੋ ਲੀਡਰ ਜੇਂਸ ਸਲਾਟਨਬਰਗ ਦੇ ਅਫ਼ਗ਼ਾਨਿਸਤਾਨ ਪਹੁੰਚਣ ਮਗਰੋਂ ਇਹ ਹਮਲਾ ਹੋਇਆ। ਇਸ ਹਮਲੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਉਡਾਨਾਂ ਰੱਦ ਕਰ ਦਿਤੀਆਂ ਗਈਆਂ ਹਨ। ਏਅਰਪੋਰਟ ਨੂੰ ਬੰਦ ਕਰ ਕੇ ਖੋਜ ਮੁਹਿੰਮ ਚਲਾਈ ਜਾ ਰਹੀ ਹੈ।
ਅਮਰੀਕੀ ਰਖਿਆ ਮੰਤਰੀ ਜੇਮਸ ਮੈਟਿਸ ਭਾਰਤ ਦੌਰੇ ਤੋਂ ਬਾਅਦ ਬੁਧਵਾਰ ਨੂੰ ਅਫ਼ਗ਼ਾਨਿਸਤਾਨ ਪੁੱਜੇ ਸਨ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਸੇ ਅਮਰੀਕੀ ਕੈਬਨਿਟ ਮੰਤਰੀ ਦਾ ਪਹਿਲਾ ਅਫ਼ਗ਼ਾਨਿਸਤਾਨ ਦੌਰਾ ਹੈ। ਮੈਟਿਸ ਇਸ ਦੌਰੇ 'ਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ, ਅਮਰੀਕੀ ਰੱਖਿਆ ਅਧਿਕਾਰੀਆਂ ਅਤੇ ਨਾਟੋ ਸਕੱਤਰ ਜੇਂਸ ਸਲਾਟਨਬਰਗ ਨੂੰ ਮਿਲਣਗੇ। ਜੇਮਸ ਮੈਟਿਸ ਹਮਲੇ ਤੋਂ ਥੋੜੀ ਦੇਰ ਪਹਿਲਾਂ ਹੀ ਕਾਬੁਲ ਏਅਰਪੋਰਟ ਪਹੁੰਚੇ ਸਨ। ਮੀਡੀਆ  ਦੇ ਅਨੁਸਾਰ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਤਾਲਿਬਾਨ ਨੇ ਕਿਹਾ ਕਿ ਉਸ ਦਾ ਨਿਸ਼ਾਨਾ ਅਮਰੀਕੀ ਰਖਿਆ ਮੰਤਰੀ ਜੇਮਸ ਮੈਟਿਸ ਸਨ। ਮੀਡੀਆ ਏਜੰਸੀ ਟੋਲੋ ਨਿਊਜ ਦੇ ਅਨੁਸਾਰ ਏਅਰਪੋਰਟ 'ਤੇ ਲਗਭਗ 20 ਤੋਂ 30 ਰਾਕਟ ਛੱਡੇ ਗਏ ਸਨ।  ਏਅਰਪੋਰਟ ਦੇ ਕੋਲ ਹੀ ਨਾਟੋ ਦਾ ਬੇਸ ਕੈਂਪ ਵੀ ਹੈ,  ਕਿਹਾ ਜਾ ਰਿਹਾ ਹੈ ਕਿ ਰਾਕਟ ਦਾ ਨਿਸ਼ਾਨਾ ਇਸੇ ਨੂੰ ਬਣਾਇਆ ਗਿਆ ਸੀ।
ਇਹ ਉੱਚ ਪਧਰੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਅਫ਼ਗ਼ਾਨ ਸੁਰੱਖਿਆ ਫ਼ੌਜ ਲੇਬਨਾਨ ਦੇ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਟਰੰਪ ਦੀ ਯੋਜਨਾ ਮੁਤਾਬਕ ਅਮਰੀਕਾ, ਅਫ਼ਗ਼ਾਨਿਸਤਾਨ 'ਚ 3000 ਤੋਂ ਵੱਧ ਫ਼ੌਜੀ ਭੇਜਣ ਦੀ ਤਿਆਰੀ ਕਰ ਰਿਹਾ ਹੈ, ਜਦਕਿ 11 ਹਜ਼ਾਰ ਫ਼ੌਜੀ ਪਹਿਲਾਂ ਹੀ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ 'ਚ ਕਾਬਲ ਵਿਚ ਭਾਰਤੀ ਦੂਤਾਵਾਸ ਦੇ ਕੋਲ ਸ਼ਕਤੀਸ਼ਾਲੀ ਬੰਮ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਲਗਭਗ 80 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 325 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਹਾਲਾਂਕਿ ਭਾਰਤੀ ਦੂਤਾਵਾਸ  ਦੇ ਸਾਰੇ ਕਰਮਚਾਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਧਮਾਕੇ ਨਾਲ ਜਰਮਨ ਅਤੇ ਈਰਾਨੀ ਦੂਤਾਵਾਸ ਨਿਸ਼ਾਨੇ 'ਤੇ ਸੀ। (ਪੀਟੀਆਈ)