ਕੈਲੇਫ਼ੋਰਨੀਆ 'ਚ ਜ਼ਮੀਨ ਖਿਸਕਣ ਕਾਰਨ 13 ਜਣਿਆਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਲਾਸ ਏਂਜਲਸ, 10 ਜਨਵਰੀ : ਅਮਰੀਕਾ ਦੇ ਦਖਣੀ ਕੈਲੇਫ਼ੋਰਨੀਆ 'ਚ ਭਿਆਨਕ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਿਚ ਕਈ ਮਕਾਨ ਤਬਾਹ ਹੋ ਗਏ ਅਤੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 20 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚ ਚਾਰ ਦੀ ਹਾਲਤ ਗੰਭੀਰ ਹੈ। ਉਧਰ ਸਾਂਤਾ ਬਾਰਬਰਾ ਕਾਉਂਟੀ ਦੇ ਰੋਮੇਰੋ ਕੈਨੀਅਨ ਇਲਾਕੇ 'ਚ 300 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।ਅਧਿਕਾਰੀਆਂ ਨੇ ਦਸਿਆ ਕਿ ਉੱਤਰ-ਪੱਛਮ ਲਾਸ ਏਂਜਲਸ ਦੇ ਮੋਂਟੇਸਿਟੋ ਸ਼ਹਿਰ 'ਚ ਬਚਾਅ ਕਾਰਜ ਦੌਰਾਨ ਮਿੱਟੀ ਅਤੇ ਮਲਬੇ 'ਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੈਂਟਾ ਬਾਰਬਰਾ ਕਾਉਂਟੀ ਦੇ ਸ਼ੈਰਿਫ ਬਿਲ ਬ੍ਰਾਉਨ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਸਾਨੂੰ ਇਹ ਦਸਦਿਆਂ ਦੁੱਖ ਹੋ ਰਿਹਾ ਹੈ ਕਿ ਘਟਨਾ 'ਚ ਹਾਲੇ ਤਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁਕੀ ਹੈ। ਤੂਫ਼ਾਨ ਕਾਰਨ ਬੀਤੀ ਰਾਤ ਸਾਡੇ ਇਲਾਕੇ 'ਚ ਇਹ ਘਟਨਾ ਵਾਪਰੀ।''