ਕੈਨੇਡਾ : ਭਾਰਤੀ ਨਾਗਰਿਕ ਤੋਂ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ 3.3 ਕਿਲੋਗ੍ਰਾਮ ਅਫ਼ੀਮ ਬਰਾਮਦ

ਖ਼ਬਰਾਂ, ਕੌਮਾਂਤਰੀ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਨੇ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ 3.3 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਅਫੀਮ ਟੈਨਿਸ ਦੀਆਂ ਗੇਂਦਾਂ 'ਚ ਰੱਖੀ ਹੋਈ ਸੀ ਅਤੇ ਇਹ ਸਾਮਾਨ ਭਾਰਤ ਤੋਂ ਆਇਆ ਦੱਸਿਆ ਜਾ ਰਿਹਾ ਹੈ।

 ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਕਮਿਊਨੀਕੇਸ਼ਨ ਅਫ਼ਸਰ ਐਲਿਜ਼ ਗੈਟਜ਼ ਨੇ ਦੱਸਿਆ ਕਿ ਟੈਨਿਸ ਦੀਆਂ ਗੇਦਾਂ ਵਾਲਾ ਯਾਤਰੀ ਭਾਰਤ ਤੋਂ ਆਇਆ ਸੀ ਅਤੇ ਅਧਿਕਾਰੀਆਂ ਨੂੰ ਗੇਂਦਾਂ ਵਿਚ ਗੜਬੜੀ ਦਾ ਸ਼ੱਕ ਪੈ ਗਿਆ।

ਟੈਨਿਸ ਵਾਲੀਆਂ ਗੇਂਦਾਂ ਇਕ ਸੂਟਕੇਸ ਵਿਚ ਰੱਖੀਆਂ ਹੋਈਆਂ ਸਨ। ਹਰ ਗੇਂਦ ਵਿਚ ਕਾਲੇ ਰੰਗ ਦਾ ਲੁੱਕ ਵਰਗਾ ਪਦਾਰਥ ਸੀ। ਇਸ ਪਦਾਰਥ ਦੀ ਜਾਂਚ ਕੀਤੀ ਗਈ। 

ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪਦਾਰਥ ਅਫੀਮ ਹੈ। ਏਜੰਸੀ ਨੂੰ ਕੁਝ ਸਟੀਰੌਇਡਜ਼ ਵੀ ਬਰਾਮਦ ਹੋਏ। ਜਹਾਜ਼ ਤੋਂ ਉਤਰੇ ਮੁਸਾਫ਼ਰ ਨੂੰ ਰਾਯਲ ਕੈਨੇਡੀਅਨ ਮਾਊਂਟਡ ਪੁਲਸ ਦੇ ਹਵਾਲੇ ਕਰ ਦਿਤਾ ਗਿਆ। ਹਲਾਂਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਕਤ ਯਾਤਰੀ ਦੀ ਪਹਿਚਾਣ ਨਹੀਂ ਦੱਸੀ ਹੈ।