ਕੈਨੇਡਾ 'ਚ ਕਰਜ਼ੇ ਹੇਠ ਦਬਿਆ ਭਾਰਤੀ ਪਰਿਵਾਰ ਲਗਜ਼ਰੀ ਜਹਾਜ਼ ਲੈ ਕੇ ਹੋਇਆ ਰਫ਼ੂ ਚੱਕਰ

ਖ਼ਬਰਾਂ, ਕੌਮਾਂਤਰੀ

ਟੋਰਾਂਟੋ : ਦੱਖਣੀ ਅਫਰੀਕਾ ਦੇ ਘਪਲਿਆਂ ਨਾਲ ਸਬੰਧਿਤ ਗੁਪਤਾ ਪਰਿਵਾਰ ਦਾ ਇਕ ਹੋਰ ਕਾਰਨਾਮਾ ਕੈਨੇਡਾ 'ਚ ਸਾਹਮਣੇ ਆਇਆ ਹੈ। ਗੁਪਤਾ ਪਰਿਵਾਰ ਨੇ ਐਕਸਪੋਰਟ ਡਿਵੈਲਪਮੈਂਟ ਕੈਨੇਡਾ (ਈ.ਸੀ.ਡੀ.) ਤੋਂ 41 ਮਿਲੀਅਨ ਡਾਲਰ (ਲਗਭਗ 205 ਕਰੋੜ 35 ਲੱਖ ਰੁਪਏ) ਦਾ ਕਰਜ਼ਾ ਜਹਾਜ਼ ਖਰੀਦਣ ਲਈ ਲਿਆ ਤੇ ਉਹ ਹੁਣ ਇਹ ਕਰਜ਼ਾ ਵਾਪਸ ਨਹੀਂ ਕਰ ਰਹੇ ਤੇ ਹੁਣ ਜਹਾਜ਼ ਵੀ ਲਾਪਤਾ ਹੋ ਗਿਆ ਹੈ।

ਈ.ਸੀ.ਡੀ. ਦਾ ਕਹਿਣਾ ਹੈ ਕਿ ਗੁਪਤਾ ਪਰਿਵਾਰ ਨੂੰ ਅਕਤੂਬਰ ਮਹੀਨੇ ਡਿਫਾਲਟਰ ਐਲਾਨ ਕੀਤਾ ਗਿਆ ਸੀ ਤੇ ਉਨ੍ਹਾਂ 'ਤੇ ਅਜੇ ਵੀ 27 ਮਿਲੀਅਨ ਡਾਲਰ ਦਾ ਕਰਜ਼ਾ ਹੈ। ਗੁਪਤਾ ਪਰਿਵਾਰ ਦੇ ਤਿੰਨ ਭਰਾਵਾਂ 'ਚੋਂ ਇਕ ਅਜੇ ਗੁਪਤਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈ.ਸੀ.ਡੀ. ਲਈ ਹੋਰ ਗੱਲਾਂ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਈ.ਸੀ.ਡੀ. ਵਲੋਂ ਦੱਖਣੀ ਅਫਰੀਕਾ ਦੀ ਅਦਾਲਤ ਨੂੰ ਲਿਖੀ ਇਕ ਤਾਜ਼ਾ ਅਰਜ਼ੀ 'ਚ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਜਹਾਜ਼ ਨੂੰ ਇਨਸਾਫ ਤੋਂ ਬਚਣ ਲਈ ਜਾਂ ਕੁਝ ਗੈਰ-ਕਾਨੂੰਨੀ ਗਤੀਵਿਧੀਆਂ 'ਚ ਵਰਤਿਆ ਜਾ ਸਕਦਾ ਹੈ।