ਕੈਨੇਡਾ ਦੇ ਐਮ.ਪੀ. ਦਰਸ਼ਨ ਕੰਗ `ਤੇ ਦੂਜੀ ਵਾਰ ਲੱਗੇ ਜਿਸਮਾਨੀ ਛੇੜਛਾੜ ਦੇ ਦੋਸ਼

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਲਿਬਰਲ ਪਾਰਟੀ ਦੇ ਐਮ.ਪੀ. ਦਰਸ਼ਨ ਕੰਗ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਇੱਕ ਹੋਰ ਸਾਬਕਾ ਸਟਾਫਰ ਨੇ ਦਰਸ਼ਨ ਕੰਗ ਉੱਤੇ ਜਿਸਮਾਨੀ ਸੋ਼ਸ਼ਣ ਦੇ ਦੋਸ਼ ਲਗਾਉਂਦਿਆਂ ਨਵਾਂ ਵਿਸਫੋਟ ਕਰ ਦਿੱਤਾ ਹੈ। ਉਸ ਨੇ ਆਖਿਆ ਕਿ ਕੈਲਗਰੀ ਹਲਕੇ ਦੇ ਆਫਿਸ ਵਿੱਚ 13 ਮਹੀਨਿਆਂ ਤੱਕ ਉਸ ਨੇ ਕੰਮ ਕੀਤਾ ਤੇ ਇਸ ਅਰਸੇ ਦੌਰਾਨ ਕੰਗ ਵਾਰ ਵਾਰ ਉਸ ਨੂੰ ਕਲਾਵੇ ਵਿੱਚ ਲੈ ਕੇ ਚੁੰਮਦਾ ਰਹਿੰਦਾ ਸੀ। 

ਕਰਸਟਿਨ ਮੌਰੇਲ ਨੇ ਕੰਗ (ਕੈਲਗਰੀ ਸਕਾਈਵਿਊ, ਅਲਬਰਟਾ) ਲਈ 2011-12 ਦਰਮਿਆਨ ਕੰਮ ਕੀਤਾ। ਉਸ ਸਮੇਂ ਉਹ ਅਲਬਰਟਾ ਵਿਧਾਨਸਭਾ ਵਿੱਚ ਸੀ। ਮੌਰੇਲ ਨੇ ਆਖਿਆ ਕਿ ਪਹਿਲੀ ਵਾਰੀ ਐਮਪੀ ਬਣੇ ਕੰਗ ਨੂੰ ਰਜ਼ਾਮੰਦੀ ਹਾਸਲ ਕਰਨ ਦੀ ਗੱਲ ਸਮਝ ਨਹੀਂ ਸੀ ਆਉਂਦੀ। ਵਾਰੀ ਵਾਰੀ ਅਜਿਹੀ ਛੇੜਛਾੜ ਤੋਂ ਤੰਗ ਮੌਰੇਲ ਨੇ ਉਸ ਨੂੰ ਹਰ ਵਾਰੀ ਜ਼ਬਰਦਸਤ ਢੰਗ ਨਾਲ ਨਾਂਹ ਕੀਤੀ ਪਰ ਉਸ ਨੂੰ ਗੱਲ ਸਮਝ ਨਹੀਂ ਆਈ।

ਮੌਰੇਲ ਨੇ ਆਖਿਆ ਕਿ ਇੰਜ ਲੱਗਦਾ ਸੀ ਕਿ ਕੰਗ ਜਾਣਬੁੱਝ ਕੇ ਉਸ ਵੱਲੋਂ ਕੀਤੇ ਜਾ ਰਹੇ ਇਨਕਾਰ ਨੂੰ ਸਮਝਣਾ ਨਹੀਂ ਸੀ ਚਾਹੁੰਦਾ ਜਾਂ ਮੰਨਣਾ ਨਹੀਂ ਸੀ ਚਾਹੁੰਦਾ। ਉਸ ਨੇ ਦੱਸਿਆ ਕਿ ਕਥਿਤ ਜਿਨਸੀ ਪਰੇਸ਼ਾਨੀ ਤੋਂ ਤੰਗ ਆ ਕੇ ਹੀ ਉਸ ਨੇ ਆਖਿਰਕਾਰ ਇਹ ਨੌਕਰੀ ਛੱਡੀ ਸੀ। ਮੌਰੇਲ ਨੇ ਅੱਗੇ ਆਖਿਆ ਕਿ ਜਦੋਂ ਉਹ ਉਸ ਦੇ ਆਫਿਸ ਵਿੱਚ ਕੰਮ ਕਰਦੀ ਸੀ ਤਾਂ ਉਹ ਕਦੇ ਵੀ ਆ ਕੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਸੀ ਤੇ ਅਸ਼ਲੀਲ ਹਰਕਤਾਂ ਕਰਦਾ ਸੀ। 

 ਉਸ ਨੇ ਦੱਸਿਆ ਕਿ ਜਦੋਂ ਵੀ ਕੰਮ ਦੇ ਸਿਲਸਿਲੇ ਵਿੱਚ ਉਸ ਨੇ ਕੰਗ ਨਾਲ ਕੋਈ ਸਲਾਹ ਕਰਨੀ ਹੁੰਦੀ ਸੀ ਤਾਂ ਉਹ ਉਸ ਨੂੰ ਇੱਕਲਿਆਂ ਮਿਲਣ ਤੋਂ ਕਤਰਾਉਂਦੀ ਸੀ ਤੇ ਉਸ ਨੂੰ ਉਸ ਦੇ ਨਿਜੀ ਆਫਿਸ ਤੋਂ ਬਾਹਰ ਹੀ ਕਿਤੇ ਮਿਲਦੀ ਸੀ। ਪਰ ਕੰਗ ਇਸ ਗੱਲ ਉੱਤੇ ਹੀ ਜੋ਼ਰ ਦਿੰਦਾ ਸੀ ਕਿ ਮੌਰੇਲ ਉਸ ਨੂੰ ਉਸ ਦੇ ਨਿਜੀ ਆਫਿਸ ਵਿੱਚ ਹੀ ਮਿਲੇ। ਮੌਰੇਲ ਨੇ ਦੱਸਿਆ ਕਿ ਜਦੋਂ ਵੀ ਕੰਗ ਉਸ ਨੂੰ ਹੱਥ ਲਾਉਣ ਦੀ ਕੋਸਿ਼ਸ਼ ਕਰਦਾ ਸੀ ਤਾਂ ਉਹ ਉਸ ਨੂੰ ਖਬਰਦਾਰ ਕਰਦੀ ਸੀ ਪਰ ਉਹ ਆਖਦਾ ਸੀ ਕਿ ਇਹ ਤਾਂ ਕੁਝ ਵੀ ਨਹੀਂ ਸਭ ਠੀਕ ਹੈ।

ਮੌਰੇਲ ਨੇ ਆਖਿਆ ਕਿ 2012 ਵਿੱਚ ਨੌਕਰੀ ਛੱਡਣ ਤੋਂ ਪਹਿਲਾਂ ਉਸ ਨੇ ਆਪਣੀ ਥਾਂ ਉੱਤੇ ਕੰਮ ਕਰਨ ਲਈ ਆਏ ਰੌਬ ਐਸ਼ਫੋਰਡ, ਜਿਸ ਨੂੰ ਉਸ ਨੇ ਸਿਖਲਾਈ ਵੀ ਦਿੱਤੀ ਸੀ, ਨੂੰ ਬੇਨਤੀ ਕੀਤੀ ਕਿ ਅਗਾਂਹ ਤੋਂ ਕਿਸੇ ਮਹਿਲਾ ਕਰਮਚਾਰੀ ਨੂੰ ਕੰਮ ਉੱਤੇ ਨਾ ਰੱਖੇ ਕਿਉਂਕਿ ਉਹ ਜਾਣਦੀ ਸੀ ਕਿ ਜੋ ਕੁੱਝ ਉਸ ਨੂੰ ਸਹਿਣਾ ਪਿਆ ਉਹ ਅੱਗੇ ਵੀ ਕਿਸੇ ਹੋਰ ਨੂੰ ਸਹਿਣਾ ਪੈ ਸਕਦਾ ਹੈ। ਐਸ਼ਫੋਰਡ ਅਜੇ ਵੀ ਕੰਗ ਲਈ ਐਮਪੀ ਦੇ ਹਲਕੇ ਵਾਲੇ ਆਫਿਸ ਵਿੱਚ ਕੰਮ ਕਰਦਾ ਹੈ।

ਇਸ ਨਵੇਂ ਖੁਲਾਸੇ ਬਾਰੇ ਜਦੋਂ ਕੰਗ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਗਈ ਤਾਂ ਨਿੱਕੀ ਜਿਹੀ ਫੋਨ ਕਾਲ ਦੌਰਾਨ ਕੰਗ ਨੇ ਆਖਿਆ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਇਸ ਤੋਂ ਪਹਿਲਾਂ 24 ਸਾਲ ਦੀ ਇੱਕ ਹੋਰ ਮਹਿਲਾ ਵੀ ਕੰਗ ਉੱਤੇ ਜਿਨਸੀ ਤੌਰ ਉੱਤੇ ਤੰਗ ਪਰੇਸਾਨ ਕਰਨ ਦਾ ਦੋਸ ਲਗਾ ਚੁੱਕੀ ਹੈ।