ਓਂਟਾਵਾ: ਅਮਰੀਕੀ ਕਾਰੋਬਾਰੀ ਹਵਾਬਾਜ਼ੀ ਮਾਰਕੀਟ 'ਚ ਦਾਖਲ ਹੋਣ ਦੀ ਕੈਨੇਡੀਅਨ ਬੰਬਾਰਡੀਅਰ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਯੂ. ਐਸ. ਡਿਪਾਰਟਮੈਂਟ ਆਫ ਕਾਮਰਸ ਨੇ ਕੈਨੇਡਾ ਦੇ ਬੰਬਾਰਡੀਅਰ ਦੇ ਸੀ-ਸੀਰੀਜ਼ ਜੈੱਟਾਂ 'ਤੇ 219 ਫੀਸਦੀ ਡਿਊਟੀ ਦੀ ਤਜਵੀਜ਼ ਪੇਸ਼ ਕੀਤੀ ਹੈ। ਵਿਭਾਗ ਨੇ ਪੜਤਾਲ ਮਗਰੋਂ ਫੈਸਲਾ ਕਰਦੇ ਕਿਹਾ ਸੀ ਕਿ ਬੰਬਾਰਡੀਅਰ ਨੂੰ ਅਣਉਚਿਤ ਸਰਕਾਰੀ ਸਬਸਿਡੀ ਤੋਂ ਲਾਭ ਹੋਇਆ ਸੀ। ਜਿਸ ਨੇ ਸਰਹੱਦ ਦੇ ਦੱਖਣ ਵੱਲ ਵਿਕਰੀ ਕਰਦੇ ਸਮੇਂ ਮਾਂਟੀਰਲ ਸਥਿਤ ਇੱਕ ਕੰਪਨੀ ਨੂੰ ਲਾਭ ਪਹੁੰਚਾਇਆ।
ਬੋਇੰਗ ਨੇ ਇਸ ਸਾਲ ਦੇ ਸ਼ੁਰੂ 'ਚ ਵਿਵਾਦ ਨੂੰ ਉਸ ਸਮੇਂ ਵਧਾ ਦਿੱਤਾ ਜਦੋਂ ਅਮਰੀਕਾ ਸਥਿਤ ਡੈਲਟਾ ਏਅਰ ਲਾਈਨਜ ਨੂੰ ਸੀ-ਸੀਰੀਜ ਦੇ ਪੈਸੇਂਜਰ ਜੈੱਟ ਵੇਚੇ ਜਾ ਰਹੇ ਹਨ। ਉਹ ਵੀ ਘੱਟ ਕੀਮਤ 'ਤੇ ਇਹ ਵੀ ਆਖਿਆ ਗਿਆ ਸੀ ਕਿ ਇਹ ਸਭ ਪ੍ਰੋਵਿੰਸੀਅਲ ਤੇ ਫੈਡਰਲ ਸਰਕਾਰਾਂ ਦੀ ਮਦਦ ਨਾਲ ਹੀ ਕੀਤਾ ਜਾ ਰਿਹਾ ਹੈ। ਪਰ ਜਦੋਂ ਅਮਰੀਕਾ ਦੇ ਵਣਜ ਵਿਭਾਗ ਨੇ ਤੇ ਇਸ ਦੇ ਇੰਟਰਨੈਸ਼ਨਲ ਟਰੇਡ ਕਮਿਸ਼ਨ ਨੇ ਮਈ 'ਚ ਸ਼ਿਕਾਇਤ ਦੀ ਜਾਂਚ ਕਰਨ ਲਈ ਕਿਹਾ ਤਾਂ ਟਰੂਡੋ ਸਰਕਾਰ ਨੇ ਚਿਤਾਵਨੀ ਦੇ ਦਿੱਤੀ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੋਇੰਗ ਨਾਲ ਚਲ ਰਹੀ ਲੜਾਈ ਬਾਰੇ ਆਖਿਆ ਸੀ ਕਿ ਸਰਕਾਰ ਇਹੋ ਜਿਹੀ ਕੰਪਨੀ ਨਾਲ ਕੰਮ ਨਹੀਂ ਕਰ ਸਕਦੀ ਜਿਹੜੀ ਕੈਨੇਡੀਅਨ ਇੰਡਸਟਰੀ 'ਤੇ ਹੀ ਹਮਲਾ ਬੋਲ ਰਹੀ ਹੋਵੇ ਤੇ ਸਾਡੇ ਐਰੋਸਪੇਸ ਨਾਲ ਜੁੜੇ ਕਰਮਚਾਰੀਆਂ ਨੂੰ ਕੰਮ ਤੋਂ ਬਾਹਰ ਕਰਨ ਦਾ ਰਾਹ ਦੱਸ ਰਹੀ ਹੋਵੇ। ਇਸ ਸਾਲ ਦੇ ਸ਼ੁਰੂ 'ਚ ਮਾਂਟਰੀਅਲ ਸਥਿਤ ਬੰਬਾਰਡੀਅਰ ਕੰਪਨੀ ਖਿਲਾਫ ਟਰੇਡ ਵਿਵਾਦ ਸ਼ਬਦੀ ਜੰਗ ਛੇੜਨ ਵਾਲੀ ਅਮਰੀਕਾ ਦੀ ਐਰੋਸਪੇਸ ਕੰਪਨੀ ਬੋਇੰਗ ਦੇ ਸਬੰਧ 'ਚ ਟਰੂਡੋ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ।
ਹੁਣ ਇਹ ਵੀ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ ਹੈ ਕਿ ਲਿਬਰਲ ਬੋਇੰਗ ਤੋਂ 18 ਸੁਪਰ ਹੌਰਨੈੱਟ ਫਾਈਟਰ ਜੈੱਟ ਖਰੀਦਣ ਦੀ ਯੋਜਨਾ ਨੂੰ ਸਿਰੇ ਚੜ੍ਹਾਉਣਗੇ ਜਾਂ ਨਹੀਂ। ਕੈਨੇਡਾ ਦੇ ਉਮਰ ਵਿਹਾਅ ਚੁੱਕੇ ਸੀਐਫ 18 ਜੈੱਟਸ ਦੀ ਥਾਂ 88 ਨਵੇਂ ਜਹਾਜ਼ ਖਰੀਦਣ ਦੀ ਟਰੂਡੋ ਸਰਕਾਰ ਦੀ ਕੋਸ਼ਿਸ਼ ਅਜੇ ਪੂਰੀ ਨਹੀਂ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਰਕਾਰ ਸਾਰੇ ਰਾਹ ਖੁੱਲ੍ਹੇ ਮੰਨ ਕੇ ਚੱਲ ਰਹੀ ਹੈ। ਕੌਮਾਂਤਰੀ ਟਰੇਡ ਨਿਯਮਾ ਦੇ ਚੱਲਦਿਆ ਇਸ ਤਰ੍ਹਾਂ ਦਾ ਕਦਮ ਚੁੱਕਣਾ ਮੁਸ਼ਕਿਲ ਹੋ ਸਕਦਾ ਹੈ। ਪਰ ਜੇ ਸਰਕਾਰ ਇਹ ਕਰਨ 'ਚ ਸਫਲ ਰਹਿੰਦੀ ਹੈ ਤਾਂ ਇਸ ਨਾਲ ਬੋਇੰਗ ਨੂੰ ਇਕ ਵੱਡਾ ਝਟਕਾ ਲੱਗੇਗਾ।