ਕੈਨੇਡਾ ਦੀ ਸੰਸਦ 'ਚ ਕਿਰਪਾਨ ਲੈ ਕੇ ਜਾਣ 'ਤੇ ਪਾਬੰਦੀ ਬਰਕਰਾਰ

ਖ਼ਬਰਾਂ, ਕੌਮਾਂਤਰੀ

ਓਟਾਵਾ : ਕੈਨੇਡਾ ਦੀ ਇਕ ਅਦਾਲਤ ਨੇ ਸਦਨ ਦੇ ਉਸ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ ਕਿਰਪਾਨ ਦੇ ਨਾਲ ਸਦਨ ਵਿਚ ਪਰਵੇਸ਼ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਦੋ ਮੈਬਰਾਂ ਨੇ ਸਦਨ ਦੁਆਰਾ ਫਰਵਰੀ 2011 ਵਿਚ ਸਰਬ ਸੰਮਤੀ ਨਾਲ ਮਨਜ਼ੂਰ ਕੀਤੇ ਗਏ ਇੱਕ ਮਤੇ ਨੂੰ ਚੁਣੌਤੀ ਦਿੱਤੀ ਸੀ। 

ਬਲਪ੍ਰੀਤ ਸਿੰਘ ਅਤੇ ਹਰਮਿੰਦਰ ਕੌਰ ਜਨਵਰੀ 2011 ਨੂੰ ਸਦਨ ਦੀ ਕਾਰਵਾਈ ਵਿਚ ਸ਼ਾਮਿਲ ਹੋਣਾ ਚਾਹੁੰਦੇ ਸਨ, ਪਰ ਉਹ ਕਿਰਪਾਨ ਨੂੰ ਆਪਣੇ ਤੋਂ ਵੱਖ ਰੱਖਣਾ ਨਹੀਂ ਚਾਹੁੰਦੇ ਸਨ, ਕਿਉਂਕਿ ਕਿਰਪਾਨ ਰੱਖਣਾ ਸਿੱਖਾਂ ਦੀ ਧਾਰਮਿਕ ਮਾਨਤਾ ਵਿਚ ਸ਼ਾਮਲ ਹੈ। 

ਦੋਨਾਂ ਦੀ ਮੰਗ ਦੇ ਜਵਾਬ ਵਿਚ ਕੋਰਟ ਆਫ ਅਪੀਲ ਦੇ ਜਸਟਿਸ ਪੈਟਰਿਕ ਹੀਲੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਫੈਸਲੇ ਵਿਚ ਉਨ੍ਹਾਂ ਦੀ ਦਲੀਲਾਂ ਨੂੰ ਠੁਕਰਾ ਦਿੱਤਾ ਅਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿਚ ਕਿਹਾ ਗਿਆ ਸੀ ਕਿ ਸਦਨ ਨੂੰ ਸੰਸਦੀ ਸਹੂਲਤਾਂ ਦੇ ਮੁਤਾਬਕ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਹੈ। 

ਮਤੇ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਮੁਲਜ਼ਮਾਂ ਦੇ ਕੋਲ ਕਿਸੇ ਵੀ ਅਜਿਹੇ ਵਿਅਕਤੀ ਨੂੰ ਪਰਵੇਸ਼ ਤੋਂ ਰੋਕਣ ਦਾ ਅਧਿਕਾਰ ਹੈ, ਜੋ ਆਪਣਾ ਧਾਰਮਿਕ ਚਿੰਨ੍ਹ ਨਹੀਂ ਹਟਾਉਣਾ ਚਾਹੁੰਦਾ। ਦੋਨਾਂ ਨੇ ਦਲੀਲ ਦਿੱਤੀ ਸੀ ਕਿ ਇਹ ਪ੍ਰਸਤਾਵ ਅਸੰਵਿਧਾਨਕ ਹੈ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨੀ ਹੈ ਪਰ ਸੀਮਿਤ ਨਹੀਂ।