ਕੈਨੇਡਾ: ਸਿੱਖ ਵਿਰੋਧੀ ਸੰਸਦ ਮੈਂਬਰਾਂ ਵਿਰੁਧ ਸਿੱਖਾਂ ਨੇ ਲਿਆ ਸਖ਼ਤ ਸਟੈਂਡ

ਖ਼ਬਰਾਂ, ਕੌਮਾਂਤਰੀ

ਕੈਲਗਰੀ ਦੇ ਮੌਜੂਦਾ ਸੰਸਦ ਮੈਂਬਰ ਦਾ ਨਗਰ ਕੀਰਤਨ ਵਿਚ ਸ਼ਮੂਲੀਅਤ ਵਾਲਾ ਸੱਦਾ ਪੱਤਰ ਰੱਦ
ਕੈਲਗਰੀ (ਕੈਨੇਡਾ), 5 ਮਾਰਚ (ਸਰਬਜੀਤ ਸਿੰਘ ਬਨੂੜ): ਕੈਨੇਡਾ ਦੇ ਸਿੱਖ ਸੰਘਣੀ ਆਬਾਦੀ ਵਾਲੇ ਸ਼ਹਿਰ ਕੈਲਗਰੀ ਵਿਚ ਸਿੱਖਾਂ ਨੇ ਕੈਨੇਡਾ ਵਿਚ ਸਿੱਖ ਵਿਰੋਧੀ ਮਤਾ ਲਿਆਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਕੰਜ਼ਰਵੇਟਿਵ ਸੰਸਦ ਮੈਂਬਰ ਦੀਪਕ ਓਬਰਾਏ ਬਾਰੇ ਸਖ਼ਤ ਫੈਸਲਾ ਲਿਆ ਹੈ।  ਗੁਰਦਵਾਰਾ ਦਸਮੇਸ਼ ਕਲਚਰਲ ਸੁਸਾਇਟੀ ਕੈਲਗਰੀ ਨੇ ਅੱਜ ਭਰੇ ਦੀਵਾਨ ਵਿਚ ਪ੍ਰਧਾਨ ਸ. ਰਣਬੀਰ ਸਿੰਘ ਪਰਮਾਰ ਨੇ ਮੌਜੂਦਾ ਸਥਾਨਕ ਸੰਸਦ ਮੈਂਬਰ ਦੀਪਕ ਉਬਰਾਏ ਵਲੋਂ ਸਿੱਖਾਂ ਦਾ ਸਮਾਜ ਵਿਚ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਅਤੇ ਗੁਰਦਵਾਰਾ ਕਮੇਟੀ ਵਲੋਂ ਉਨ੍ਹਾਂ ਨੂੰ ਮਈ  ਮਹੀਨੇ ਹੋਣ ਵਾਲੇ ਵਿਸਾਖੀ ਨਗਰ ਕੀਰਤਨ ਲਈ ਦਿਤਾ ਗਿਆ ਸੱਦਾ ਪੱਤਰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਕੈਲਗਰੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੌਜੂਦਾ ਸੰਸਦ ਮੈਂਬਰ ਦਾ ਸੱਦਾ ਪੱਤਰ ਵਾਪਸ ਲਿਆ ਗਿਆ ਹੋਵੇ।