ਕੈਨੇਡਾ ਵਿੱਚ ਸਿੱਖਾਂ ਨੂੰ ਹਵਾਈ ਸਫਰ ਦੌਰਾਨ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਮਿਲੀ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਸਿੱਖਾਂ ਨੇ ਧਾਰਮਿਕ ਕਕਾਰਾਂ ਦੇ ਸਨਮਾਨ ਦੀ ਜੱਦੋ-ਜਹਿਦ ਵਿੱਚ ਵੱਡਾ ਮਾਅਰਕਾ ਮਾਰਿਆ ਹੈ। ਖ਼ਬਰ ਮਿਲੀ ਹੈ ਕਿ ਟਰਾਂਸਪੋਰਟ ਕੈਨੇਡਾ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਛੋਟੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 


ਹੁਣ ਅਮ੍ਰਿਤਧਾਰੀ ਸਿੱਖ ਕੈਨੇਡਾ ਦੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਵਿੱਚ ਛੋਟੀ ਕਿਰਪਾਨ ਪਹਿਨ ਕੇ ਸਫ਼ਰ ਕਰ ਸਕਣਗੇ। ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਉਡਾਣ 'ਤੇ ਲਾਗੂ ਨਹੀਂ ਹੋਵੇਗੀ। ਟਰਾਂਸਪੋਰਟ ਕੈਨੇਡਾ ਵੱਲੋਂ ਦਿੱਤਾ ਗਿਆ ਇਹ ਫ਼ੈਸਲਾ 27 ਨਵੰਬਰ, 2017 ਤੋਂ ਲਾਗੂ ਹੋਵੇਗਾ। 


ਟਰਾਂਸਪੋਰਟ ਵਿਭਾਗ ਨੇ ਇੱਥੇ ਇਹ ਸਪਸ਼ਟ ਕੀਤਾ ਹੈ ਕਿ ਧਾਰਨ ਕੀਤੀ ਗਈ ਛੋਟੀ ਕਿਰਪਾਨ ਦਾ ਬਲੇਡ 6 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ।


ਇਸ ਫੈਸਲੇ ਨਾਲ ਸਿੱਖ ਸਮਾਜ ਖ਼ਾਸ ਤੌਰ 'ਤੇ ਕੈਨੇਡਾ ਵਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਫੈਸਲੇ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਦਸਤਾਰ ਅਤੇ ਕਕਾਰਾਂ ਦੇ ਸਨਮਾਨ ਸੰਬੰਧੀ ਅੰਤਰ ਰਾਸ਼ਟਰੀ ਪੱਧਰ 'ਤੇ ਕੀਤੇ ਜਾ ਰਹੇ ਸੰਘਰਸ਼ ਲਈ ਨਿਸ਼ਚਿਤ ਤੌਰ 'ਤੇ ਹੌਸਲਾ ਅਤੇ ਤਾਕਤ ਮਿਲੇਗੀ।