ਕੈਨੇਡਾ ਦੀ ਸੁਪਰੀਮ ਕੋਰਟ ਨੇ ਦੋ ਪੰਜਾਬ ਮੂਲ ਦੇ ਕੈਨੇਡੀਅਨਾਂ ਨੂੰ 17 ਸਾਲ ਪਹਿਲਾਂ ਕੀਤੀ 'ਔਨਰ ਕਿਲਿੰਗ' ਭਾਵ ਸਨਮਾਨ ਲਈ ਹੱਤਿਆ ਵਿੱਚ ਭੂਮਿਕਾ ਲਈ ਭਾਰਤ ਹਵਾਲਗੀ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਦੋਨੋ ਕਨੇਡੀਅਨ ਨਾਗਰਿਕਾਂ ਦੇ ਨਾਂਅ ਸੁਰਜੀਤ ਸਿੰਘ ਬਦੇਸ਼ਾ ਅਤੇ ਮਲਕੀਤ ਕੌਰ ਸਿੱਧੂ ਨੇ ਜੋ ਰਿਸ਼ਤੇ ਵਿੱਚ ਭੈਣ ਭਰਾ ਹਨ।
ਇਹ ਦੋਨੋ ਭੈਣ ਭਰਾ ਮਲਕੀਤ ਕੌਰ ਸਿੱਧੂ ਦੀ ਬੇਟੀ ਜਸਵਿੰਦਰ ਕੌਰ ਸਿੱਧੂ ਦੇ ਕਤਲ ਦੇ ਦੋਸ਼ ਵਿੱਚ ਨਾਮਜ਼ਦ ਹਨ। ਕੈਨੇਡੀਅਨ ਅਦਾਲਤ ਵੱਲੋਂ ਇਸ ਹਵਾਲਗੀ ਲਈ ਭਾਵੇਂ ਦੋਵਾਂ ਜਣਿਆਂ ਨੂੰ ਸਰੀਰਕ ਕਸ਼ਟ ਨਾ ਦਿਤੇ ਜਾਣ ਦੀ ਗੱਲ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਹੈ।
ਕੈਨੇਡਾ ਰਹਿਣ ਵਾਲੀ 25 ਸਾਲਾ ਪੰਜਾਬਣ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦੀ 8 ਜੂਨ, 2000 ਵਿਚ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਨਾਲ ਸੰਬੰਧਿਤ ਜਸਵਿੰਦਰ ਜੱਸੀ ਦਾ ਕਸੂਰ ਸਿਰਫ ਸੀ ਕਿ ਉਸ ਨੇ ਮਾਪਿਆਂ ਦੀ ਮਰਜ਼ੀ ਖਿਲਾਫ਼ ਇੱਕ 'ਨੀਵੀਂ ਜ਼ਾਤ' ਨਾਲ ਸੰਬੰਧ ਰੱਖਦੇ ਗ਼ਰੀਬ ਆਟੋ ਰਿਕਸ਼ਾ ਚਾਲਕ ਸੁਖਵਿੰਦਰ ਉਰਫ਼ ਮਿੱਠੂ ਨਾਲ ਚੋਰੀ ਛੁਪੇ ਪ੍ਰੇਮ ਵਿਆਹ ਕਰਵਾਇਆ ਸੀ।
ਉਸ ਦੀ ਕੈਨੇਡਾ ਵਾਪਸੀ ‘ਤੇ ਕੰਮ ਉਪਰੋਂ ਮੈਰਿਜ ਸਰਟੀਫਿਕੇਟ ਮਾਪਿਆਂ ਦੇ ਹੱਥ ਲੱਗਣ ਮਗਰੋਂ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਸੰਨ 2000 ਵਿਚ ਜੱਸੀ ਘਰਦਿਆਂ ਤੋਂ ਚੋਰੀ ਕੈਨੇਡਾ ਤੋਂ ਪੰਜਾਬ ਆ ਗਈ ਜਿੱਥੇ ਕਾਤਲਾਂ ਨੇ ਜੋੜੀ ‘ਤੇ ਕਾਤਲਾਨਾ ਹਮਲਾ ਕੀਤਾ ਸੀ ਜਿਸ ਵਿੱਚ ਜੱਸੀ ਦੀ ਮੌਤ ਹੋ ਗਈ ਸੀ ਪਰ ਇਸ ਹਮਲੇ ਤੋਂ ਮਿੱਠੂ ਦੀ ਜਾਨ ਬਚ ਗਈ ਸੀ ਅਤੇ ਮਿੱਠੂ ਨੇ ਇਸ ਕਤਲ ਵਿਰੁੱਧ ਇਹ ਲੰਮੀ ਕਾਨੂੰਨੀ ਲੜਾਈ ਲੜੀ।