ਕੈਨੇਡੀਅਨ ਫੌਜ ਦੇ ਰਿਟਾਇਰਡ ਫੌਜੀ ਮਾਈਕ ਟਰੌਨਰ ਬਾਰੇ ਜਾਣ ਤੁਸੀਂ ਵੀ ਕਰੋਗੇ ਉਨ੍ਹਾਂ ਨੂੰ ਸਲਾਮ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਇਹ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਜੇਕਰ ਇਨਸਾਨ ਅੰਦਰ ਕੁੱਝ ਕਰਨ ਦਾ ਜਜ਼ਬਾ ਹੈ ਤਾਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਵੀ ਉਸ ਅੱਗੇ ਗੋਡੇ ਟੇਕ ਦਿੰਦੀਆਂ ਹਨ। ਕੁੱਝ ਇਸ ਤਰ੍ਹਾਂ ਦੀ ਹਿੰਮਤ ਹੈ ਇਸ ਕੈਨੇਡੀਅਨ ਫੌਜ ਦੇ ਰਿਟਾਇਰਡ ਫੌਜੀ ਮਾਈਕ ਟਰੌਨਰ 'ਚ। ਮਾਈਕ ਅੰਦਰ ਉਸੇ ਤਰ੍ਹਾਂ ਜਜ਼ਬਾ ਅਤੇ ਹੌਂਸਲਾ ਅੱਜ ਵੀ ਹੈ, ਜਿਸ ਦੀ ਬਦੌਲਤ ਉਹ ਅੱਜ ਟੋਰਾਂਟੋ ਵਿਚ ਹੋ ਰਹੀਆਂ 'ਇਨਵਿਕਟਸ ਗੇਮਜ਼' ਵਿਚ ਹਿੱਸਾ ਲੈ ਰਿਹਾ ਹੈ। 

ਦੱਸ ਦਈਏ ਕਿ ਮਾਈਕ ਟਰੌਨਰ ਉਨ੍ਹਾਂ 90 ਕੈਨੇਡੀਅਨ ਫੌਜੀਆਂ ਵਿਚੋਂ ਇੱਕ ਹੈ, ਜੋ ਕਿ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਿਹਾ ਹੈ। ਇਨਵਿਕਟਸ ਗੇਮਜ਼ ਦੀ ਸ਼ੁਰੂਆਤ ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ 2014 'ਚ ਕੀਤੀ, ਇਨ੍ਹਾਂ ਖੇਡਾਂ ਜ਼ਰੀਏ ਜ਼ਖਮੀ ਹੋਏ ਫੌਜੀਆਂ ਨੂੰ ਖਿਡਾਰੀਆਂ ਦੇ ਰੂਪ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਨਵੀਂ ਊਰਜਾ ਭਰੀ। ਜਾਣਕਾਰੀ ਮੁਤਾਬਿਕ ਇਸ ਵਾਰ ਦੀਆਂ ਇਨਵਿਕਟਸ ਗੇਮਜ਼ 'ਚ 550 ਫੌਜੀ ਹਿੱਸਾ ਲੈ ਰਹੇ ਹਨ, ਜੋ ਕਿ ਕੈਨੇਡਾ 'ਚ ਹੋ ਰਹੀਆਂ ਹਨ।

ਕੌਣ ਹਨ ਮਾਈਕ ਟਰੌਨਰ ?  

ਟਰੌਨਰ 5 ਦਸੰਬਰ 2008 ਨੂੰ ਫੌਜ ਦੇ ਮਿਸ਼ਨ 'ਤੇ ਸਨ, ਜਦੋਂ ਸੜਕ ਕਿਨਾਰੇ ਰੱਖੇ ਬੰਬ ਧਮਾਕੇ ਕਾਰਨ ਉਹ ਹਵਾ 'ਚ ਉੱਡ ਗਏ। ਉਸ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਵੀ ਮੈਨੂੰ ਉਹ ਘਟਨਾ ਯਾਦ ਹੈ। ਉਸ ਬੰਬ ਧਮਾਕੇ ਕਾਰਨ ਮੈਂ ਤਾਂ ਬਚ ਗਿਆ ਪਰ ਮੇਰੀਆਂ ਦੋਵੇਂ ਲੱਤਾਂ ਅਤੇ ਬਾਂਹਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਖੱਬੀ ਬਾਂਹ 'ਤੇ 3 ਥਾਵਾਂ ਤੋਂ ਫਰੈਕਚਰ ਹੋ ਗਈ। ਮੈਨੂੰ ਅਹਿਸਾਸ ਨਹੀਂ ਹੋ ਰਿਹਾ ਸੀ ਕਿ ਮੇਰੇ ਨਾਲ ਅਜਿਹਾ ਹੋਇਆ। ਛੇਤੀ ਨਾਲ ਮੈਨੂੰ ਜਰਮਨੀ ਦੇ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ। ਟਰੌਨਰ ਦੀ ਪਤਨੀ ਲੀਹ ਕੈਫ ਨੇ ਕਿਹਾ ਕਿ ਅੱਜ ਵੀ ਮੈਂ ਉਸ ਭਿਆਨਕ ਦਿਨ ਨੂੰ ਯਾਦ ਕਰਕੇ ਕੰਬ ਜਾਂਦੀ ਹਾਂ, ਜਦੋਂ ਫੋਨ ਦੀ ਘੰਟੀ ਵੱਜਦੀ ਹੈ। 

ਉਸ ਨੇ ਕਿਹਾ ਕਿ ਮੈਂ ਆਪਣੇ ਪਤੀ ਨੂੰ ਦੇਖਣ ਜਰਮਨੀ ਗਈ। ਟਰੌਨਰ ਜਾਗ ਰਹੇ ਸਨ, ਮੈਂ ਉਨ੍ਹਾਂ ਕੋਲ ਗਈ ਅਤੇ ਉਨ੍ਹਾਂ ਨੇ ਮੈਨੂੰ ਕਿਹਾ, 'ਮੈਨੂੰ ਮੁਆਫ਼ ਕਰਨਾ।' ਲੀਹ ਨੇ ਕਿਹਾ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਮੈਂ ਟਰੌਨਰ ਦਾ ਸਾਥ ਨਹੀਂ ਛੱਡਿਆ ਅਤੇ ਅਸੀਂ ਅੱਜ ਵੀ ਦੋਵੇਂ ਇਕੱਠੇ ਹਾਂ। ਟਰੌਨਰ ਨੇ ਦੱਸਿਆ ਕਿ ਮੇਰੀਆਂ 18 ਸਰਜਰੀਆਂ ਹੋਈਆਂ। ਟਰੌਨਰ ਨੇ ਕਿਹਾ ਕਿ 26-27 ਸਤੰਬਰ ਨੂੰ ਮੈਂ ਹੱਥ ਨਾਲ ਸਾਈਕਿੰਗ ਕਰਾਂਗਾ। ਇਹ ਮੇਰੇ ਅੰਦਰ ਦਾ ਹੌਂਸਲਾ ਹੀ ਹੈ, ਜਿਸ ਨੇ ਮੈਨੂੰ ਅੱਜ ਜ਼ਿੰਦਾ ਰੱਖਿਆ ਹੋਇਆ ਹੈ।