ਆਗਰਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ 'ਚ ਤਾਜ ਮਹਿਲ ਦਾ ਦੀਦਾਰ ਕਰਨ ਲਈ ਪੁੱਜ ਗਏ ਹਨ। ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਬੱਚਿਆਂ ਸਮੇਤ 7 ਦਿਨਾਂ ਦੇ ਦੌਰੇ 'ਤੇ ਸ਼ਨੀਵਾਰ ਦੀ ਸ਼ਾਮ ਨੂੰ ਭਾਰਤ ਪੁੱਜੇ ਹਨ।
ਤਾਜ ਮਹਿਲ ਦਾ ਦੀਦਾਰ ਕਰਨ ਲਈ ਟਰੂਡੋ ਆਪਣੀ ਪਤਨੀ ਅਤੇ 3 ਬੱਚਿਆਂ ਸਮੇਤ ਪੁੱਜੇ ਹਨ ਅਤੇ ਇੱਥੇ ਤਾਜ ਮਹਿਲ ਦੇ ਸਾਹਮਣੇ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਖਿਚਵਾਈਆਂ।
ਤੁਹਾਨੂੰ ਦੱਸ ਦੇਈਏ ਕਿ ਟਰੂਡੋ ਦੇ ਤਾਜ ਮਹਿਲ ਦੇਖਣ ਨੂੰ ਲੈ ਕੇ ਆਮ ਸੈਲਾਨੀਆਂ ਲਈ ਐਂਟਰੀ ਬੰਦ ਕਰ ਦਿੱਤੀ ਗਈ ਹੈ। ਟਰੂਡੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਆਏ ਹਨ।
ਟਰੂਡੋ ਤੋਂ ਇਲਾਵਾ 6 ਮੈਂਬਰੀ ਵਫਦ ਵੀ ਭਾਰਤ ਪੁੱਜਾ ਹੈ। ਤਾਜ ਮਹਿਲ ਦਾ ਦੀਦਾਰ ਕਰਨ ਤੋਂ ਇਲਾਵਾ ਟਰੂਡੋ ਅਹਿਮਦਾਬਾਦ, ਮੁੰਬਈ ਅਤੇ ਅੰਮ੍ਰਿਤਸਰ ਵੀ ਜਾਣਗੇ।ਭਾਰਤ ਅਤੇ ਕੈਨੇਡਾ ਵਿਚਾਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਟਰੂਡੋ ਅਤੇ ਮੋਦੀ ਮੁਲਾਕਾਤ ਕਰਨਗੇ। ਟਰੂਡੋ ਕੱਲ ਭਾਵ 19 ਫਰਵਰੀ ਨੂੰ ਅਹਿਮਦਾਬਾਦ ਜਾਣਗੇ, ਜਿੱਥੇ ਉਹ ਸਾਬਰਮਤੀ ਆਸ਼ਰਮ ਅਤੇ ਪ੍ਰਸਿੱਧ ਮੰਦਰ ਅਕਸ਼ਰਧਾਮ ਮੰਦਰ ਜਾਣਗੇ।