ਵੈਨਕੂਵਰ, 24 ਸਤੰਬਰ
(ਬਰਾੜ-ਭਗਤਾ ਭਾਈ ਕਾ) : ਦੁਨੀਆਂ ਭਰ 'ਚ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਅਨੇਕਾਂ
ਸਾਹਿਤਕ ਸੰਸਥਾਵਾਂ ਵਲੋਂ ਆਪੋ-ਅਪਣੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ 'ਚ ਹਰ ਮਹੀਨੇ
ਸਾਹਿਤਕ ਇਕੱਤਰਤਾਵਾਂ ਕਰ ਕੇ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਵਲੋਂ ਸਰੋਤਿਆਂ ਨਾਲ
ਰਚਨਾਵਾਂ ਸਾਂਝੀਆਂ ਕਰਨ ਲਈ ਇਕ ਪਲੇਟਫ਼ਾਰਮ ਬਣਾਇਆ ਹੋਇਆ ਹੈ।
ਇਸੇ ਤਰ੍ਹਾਂ ਸਰੀ ਦੇ
ਪੰਜਾਬ ਭਵਨ ਵਿਖੇ ਕਲਮੀ ਪਰਵਾਜ਼ ਮੰਚ ਨਾਂ ਦੀ ਸਾਹਿਤਕ ਸੰਸਥਾ ਵਲੋਂ ਵੀ ਹਰ ਮਹੀਨੇ ਕਵੀ
ਦਰਬਾਰ ਕਰਵਾਇਆ ਜਾਂਦਾ ਹੈ, ਜਿਸ 'ਚ ਵੱਡੀ ਗਿਣਤੀ ਵਿਚ ਕਵੀ, ਲੇਖਕ ਅਤੇ ਸਾਹਿਤਕਾਰ
ਸ਼ਮੂਲੀਅਤ ਕਰਦੇ ਹਨ। ਸਤੰਬਰ ਮਹੀਨੇ ਦੇ ਕਲਮੀ ਪਰਵਾਜ਼ ਮੰਚ ਵਲੋਂ ਰੱਖੇ ਗਏ ਕਵੀ ਦਰਬਾਰ 'ਚ
ਕਵੀਆਂ ਸਮੇਂ ਸਮੇਂ ਮੁਤਾਬਕ ਵਾਪਰਦੀਆਂ ਘਟਨਾਵਾਂ ਦੇ ਅਧਾਰਤ, ਸਮਾਜ ਨੂੰ ਸੇਧ ਦੇਣ
ਵਾਲੀਆਂ ਅਤੇ ਕੁਰੀਤੀਆਂ ਤੋਂ ਬਚਣ ਲਈ ਸਿਖਿਆ ਭਰਪੂਰ ਰਚਨਾਵਾਂ ਦਾ ਵਰਨਣ ਕੀਤਾ।
ਜਿਨ੍ਹਾਂ
ਕਵੀਆਂ ਨੇ ਇਸ ਕਵੀ ਦਰਬਾਰ 'ਚ ਅਪਣੀ ਹਾਜ਼ਰੀ ਭਰੀ ਉਨ੍ਹਾਂ 'ਚ ਉੱਘੇ ਬਿਜ਼ਨਸਮੈਨ ਸੁੱਖੀ
ਬਾਠ, ਪ੍ਰਸਿੱਧ ਢਾਡੀ ਚਮਕੌਰ ਸਿੰਘ ਸੇਖੋਂ, ਮਨਜੀਤ ਕੌਰ ਕੰਗ, ਮੇਹਰ ਸਿੰਘ ਚੀਮਾ, ਰਣਜੀਤ
ਸਿੰਘ ਚੁੰਘ, ਪ੍ਰੀਤ ਮਨਪ੍ਰੀਤ ਸਿੰਘ, ਪਰਮਿੰਦਰ ਕੌਰ ਸਵੈਚ, ਕਵਿੰਦਰ ਚਾਂਦ, ਪਰਵਿੰਦਰ
ਸਿੰਘ ਰੰਧਾਵਾ, ਭੰਵਰਜੀਤ ਕੌਰ, ਅਲਮਸਤ ਦੇਸਰਪੁਰੀ, ਕ੍ਰਿਸ਼ਨ ਭਨੋਟ, ਰਵਿੰਦਰ ਕੌਰ, ਹਰਚਰਨ
ਸਿੰਘ ਸੰਧੂ, ਦਰਸ਼ਨ ਸੰਘਾ, ਇੰਦਰਜੀਤ ਧਾਮੀ ਅਤੇ ਸ਼ੇਰਪੁਰੀ ਸ਼ਾਮਲ ਸਨ।