'ਕੱਟੜਪੰਥੀਆਂ ਤੋਂ ਕੈਨੇਡਾ ਨੂੰ ਅੱਤਵਾਦੀ ਹਮਲੇ ਦਾ ਮੁੱਖ ਖਤਰਾ'

ਖ਼ਬਰਾਂ, ਕੌਮਾਂਤਰੀ

ਓਟਾਵਾ: ਦਹਿਸ਼ਤਗਰਦਾਂ ਨੇ ਹਮਲਾ ਕਰਨ ਦੇ ਤੌਰ-ਤਰੀਕੇ ਬਦਲ ਲਏ ਹਨ ਅਤੇ ਹੁਣ ਛੁਰੇ ਜਾਂ ਵਾਹਨਾਂ ਦੀ ਵਰਤੋਂ ਕਰਦਿਆਂ ਸਾਧਾਰਣ ਤਰੀਕੇ ਨਾਲ ਘਾਤਕ ਹਮਲੇ ਕਰਨ ਦਾ ਰਾਹ ਅਖਤਿਆਰ ਕੀਤਾ ਜਾਂਦਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੇ ਹਮਲਿਆਂ ਨੂੰ ਵੇਖਦਿਆਂ ਕੈਨੇਡਾ 'ਚ ਅਜਿਹੀ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੈਨੇਡਾ ਦੇ ਲੋਕ ਸੁਰੱਖਿਅਤ ਮੰਤਰਾਲੇ ਵੱਲੋਂ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਅਜਿਹੇ ਗੈਰਆਧੁਨਿਕ ਪਰ ਵੱਡਾ ਅਸਰ ਪਾਉਣ ਵਾਲੇ ਹਮਲੇ ਐਡਮਿੰਟਨ ਅਤੇ ਨਿਊਯਾਰਕ ਵਿਖੇ ਹੋ ਚੁੱਕੇ ਹਨ ਜਿਥੇ ਕ੍ਰਮਵਾਰ ਪੰਜ ਜਣੇ ਜ਼ਖਮੀ ਹੋ ਗਏ ਸਨ ਅਤੇ ਅੱਠ ਜਣਿਆਂ ਦੀ ਮੌਤ ਹੋ ਗਈ। 

ਰਿਪੋਰਟ ਮੁਤਾਬਕ ਭਾਰੀ ਵਾਹਨ ਜਾਂ ਕਾਰ ਦੇ ਰੂਪ 'ਚ ਸੰਭਾਵਤ ਹਥਿਆਰ ਹਾਸਲ ਕਰਨਾ ਬਹੁਤ ਸੌਖਾ ਹੈ ਅਤੇ ਇਸੇ ਕਾਰਨ ਇਨ੍ਹਾਂ ਰਾਹੀਂ ਹੋਣ ਵਾਲੇ ਹਮਲਿਆਂ ਨੂੰ ਰੋਕਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਲੇਡ ਨੇ ਕਿਹਾ ਕਿ ਕੈਨੇਡਾ ਨੂੰ ਅੱਤਵਾਦੀ ਹਮਲੇ ਦਾ ਮੁੱਖ ਖਤਰਾ ਇਸਲਾਮਿਕ ਸਟੇਟ ਜਾਂ ਹੋਰਨਾਂ ਦਹਿਸ਼ਤਗਰਦ ਜਥੇਬੰਦੀਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਕੱਟੜਪੰਥੀਆਂ ਤੋਂ ਹੈ। ਕੈਨੇਡਾ 'ਚ ਮੌਜੂਦ ਕੁੱਝ ਨੌਜਵਾਨ ਆਨਲਾਈਨ ਪ੍ਰਚਾਰ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਅੱਤਵਾਦੀ ਜਥੇਬੰਦੀਆਂ 'ਚ ਸ਼ਾਮਿਲ ਹੋਣ ਲਈ ਵਿਦੇਸ਼ ਜਾਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। 

ਕੈਨੇਡਾ ਨਾਲ ਸੰਬਧਤ 190 ਕੱਟੜਪੰਥੀ ਦੇ ਵਿਦੇਸ਼ ਧਰਤੀ ਅੱਤਵਾਦੀ ਸਮਗਰਮੀਆਂ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ। ਇਸ ਤੋਂ ਇਲਾਵਾ ਸਰਕਾਰ 60 ਜਣਿਆਂ ਦੀ ਵਾਪਸੀ ਬਾਰੇ ਵੀ ਚੰਗੀ ਤਰ੍ਹਾਂ ਜਾਣਦੀ ਹੈ। ਕੈਨੇਡਾ ਨਾਲ ਸੰਬਧਤ ਦਹਿਸ਼ਤਗਰਦਾਂ 'ਚੋਂ ਅੱਧੇ ਤੋਂ ਜ਼ਿਆਦਾ ਇਰਾਕ ਅਤੇ ਸੀਰੀਆ 'ਚ ਹੋਣ ਦਾ ਅਨੁਮਾਨ ਹੈ ਅਤੇ ਪਿਛਲੇ ਦੋ ਸਾਲ ਦੌਰਾਨ ਕੈਨੇਡਾ ਨਾਲ ਸੰਬਧਤ ਦਹਿਸ਼ਤਗਰਦਾਂ ਦੀ ਗਿਣਤੀ 'ਚ ਵਾਧਾ ਦਰਜ ਨਹੀਂ ਕੀਤਾ ਗਿਆ। 

ਰਿਪੋਰਟ ਮੁਤਾਬਕ ਦਹਿਤਸ਼ਗਰਦਾਂ ਵੱਲੋਂ ਸਾਈਬਰ ਹਮਲੇ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਇਸ ਲਈ ਉੱਚ ਦਰਜੇ ਦੀ ਤਕਨੀਕ ਮੁਹਾਰਤ ਹੋਣੀ ਲਾਜ਼ਮੀ ਹੈ। ਕੈਨੇਡਾ ਅਤੀਤ 'ਚ ਵੀ ਹਮਲਿਆਂ ਦਾ ਸਾਹਮਣਾ ਕਰ ਚੁੱਕਾ ਹੈ ਜਦੋਂ ਕਿਊਬਿਕ ਸਿਟੀ ਦੇ ਮਸਜਿਦ 'ਚ ਗੋਲੀਬਾਰੀ ਦੌਰਾਨ ਛੇ ਜਣੇ ਮਾਰੇ ਗਏ ਸਨ ਅਤੇ ਬੁਰਕੀਨਾ ਫਾਸੋ ਵਿਖੇ ਹੋਏ ਮਾਰੂ ਹਮਲੇ 'ਚ ਛੇ ਕੈਨੇਡੀਅਨਾਂ ਦੀ ਜਾਨ ਚਲੀ ਗਈ ਸੀ।