ਕਾਠਮੰਡੂ: ਨੇਪਾਲ ਦੇ ਕਾਠਮੰਡੂ ਏਅਰਪੋਰਟ 'ਤੇ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਹਾਦਸੇ 'ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 17 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਬੰਗਲਾਦੇਸ਼ ਯਾਤਰੀ ਜਹਾਜ਼ ਲੈਂਡਿੰਗ ਕਰ ਰਿਹਾ ਸੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਅਚਾਨਕ ਉਸ 'ਚੋਂ ਧੂੰਆਂ ਅਤੇ ਫਿਰ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ।
ਇਹ ਦੇਖ ਕੇ ਏਅਰਪੋਰਟ 'ਤੇ ਮੌਜੂਦ ਸਟਾਫ ਤੁਰੰਤ ਮਦਦ ਲਈ ਦੌੜ ਪਿਆ।ਪੋਰਟ ਮੁਤਾਬਕ ਇਹ ਯੂਐੱਸ -ਬਾਂਗਲਾ ਏਅਰਲਾਈਨਜ਼ ਦਾ ਜਹਾਜ਼ ਸੀ ਜੋ ਢਾਕਾ ਤੋਂ ਕਾਠਮੰਡੂ ਲਈ ਨਿਕਲਿਆ ਸੀ। ਜਾਣਕਾਰੀ ਮੁਤਾਬਕ ਜਹਾਜ਼ 'ਚ 71 ਯਾਤਰੀ ਸਵਾਰ ਸਨ। ਇਸ ਦੇ ਇਲਾਵਾ ਕ੍ਰੂ ਮੈਂਬਰਾਂ ਅਤੇ ਫਾਇਰ ਫਾਇਟਰਸ ਵੀ ਪਲੇਨ 'ਚ ਮੌਜੂਦ ਸਨ।ਨੇਪਾਲ ਦੇ ਲੋਕਲ ਮੀਡੀਆ ਮੁਤਾਬਕ ਜਹਾਜ਼ S2 - AGU ਬੰਬਾਰਡਿਅਰ ਡੈਸ਼ 8Q400 ਹੈ। ਹਾਲਾਂਕਿ ਇਸ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਜਹਾਜ਼ ਕਾਠਮੰਡੂ ਏਅਰਪੋਰਟ 'ਤੇ ਲੈਂਡਿੰਗ ਸਮੇਂ ਕ੍ਰੈਸ਼ ਹੋਇਆ। ਦੁਰਘਟਨਾ ਦੁਪਹਿਰ ਕਰੀਬ 2 : 20 ਵਜੇ ਹੋਈ ਹੈ। ਜਹਾਜ਼ ਦਾ ਮਲਬਾ ਪੂਰੀ ਤਰ੍ਹਾਂ ਦੂਰ ਤੱਕ ਬਿਖ਼ਰ ਗਿਆ। ਏਅਰਪੋਰਟ 'ਤੇ ਫਿਲਹਾਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਸਦੇ ਨਾਲ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀ ਵੀ ਘਟਨਾ ਵਾਲੀ ਥਾਂ 'ਤੇ ਪੁੱਜੇ ਹਨ ਅਤੇ ਪਤਾ ਕਰ ਰਹੇ ਹਨ ਕਿ ਕੋਈ ਭਾਰਤੀ ਨਾਗਰਿਕ ਇਸ ਜਹਾਜ਼ 'ਚ ਸੀ ਜਾਂ ਨਹੀਂ।ਹਾਦਸਾ ਹੋਣ ਤੋਂ ਬਾਅਦ ਏਅਰਪੋਰਟ 'ਤੇ ਜਹਾਜ਼ਾਂ ਦੀ ਲੈਂਡਿਗ 'ਤੇ ਵੀ ਰੋਕ ਲਗਾ ਦਿਤੀ ਗਈ ਹੈ ਅਤੇ ਜਹਾਜ਼ਾਂ ਨੂੰ ਦੂਜੇ ਏਅਰਪੋਰਟ 'ਤੇ ਡਾਈਵਰਟ ਕੀਤੇ ਜਾ ਰਹੇ ਹਨ। ਉਥੇ ਹੀ, ਏਅਰਪੋਰਟ 'ਤੇ ਧੂੰਏਂ ਦਾ ਗ਼ੁਬਾਰ ਦੇਖਿਆ ਗਿਆ। ਨੇਪਾਲ ਮੀਡੀਆ ਮੁਤਾਬਕ 71 ਮੁਸਾਫ਼ਰਾਂ 'ਚੋਂ 50 ਤੋਂ ਜ਼ਿਆਦਾ ਮੁਸਾਫ਼ਰਾਂ ਦੀ ਮੌਤ ਹੋ ਗਈ ਹੈ ਜਦ ਕਿ 17 ਲੋਕ ਜ਼ਖ਼ਮੀ ਹੋਏ ਹਨ। ਏਅਰਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਜਹਾਜ਼ ਹਾਦਸੇ ਨੂੰ ਲੈ ਕੇ ਕਈ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।