ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀਆਂ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ

ਖ਼ਬਰਾਂ, ਕੌਮਾਂਤਰੀ

ਸਰੀ: ਭਾਰਤ ਦੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ 'ਚ ਪੜਾਈ ਕਰਕੇ ਚੰਗੀ ਨੌਕਰੀ ਹਾਸਲ ਕਰੇ ਤੇ ਵਿਦੇਸ਼ 'ਚ ਸੈਟਲ ਹੋ ਜਾਵੇ। ਅਜਿਹੇ ਹੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਕਸਰ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ ਲੱਖਾਂ ਦਾ ਕਰਜ਼ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜਨ ਲਈ ਭੇਜਦੇ ਹਨ। ਇਸੇ ਤਰ੍ਹਾਂ ਕੈਨੇਡਾ 'ਚ ਪੜਾਈ ਦਾ ਸੁਪਨਾ ਦੇਖਣ ਵਾਲਿਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ 'ਫਾਲ-2018 ਸਮੈਸਟਰ' 'ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਸਬੰਧੀ ਉਸ ਨੇ ਬਕਾਇਦਾ ਇਹ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਵੀ ਸਾਂਝੀ ਕੀਤੀ ਹੈ।

ਯੂਨੀਵਰਸਿਟੀ ਦੇ ਇਸ ਫੈਸਲੇ ਤੋਂ ਬਾਅਦ ਤੇਜ਼ੀ ਨਾਲ ਪੰਜਾਬੀ ਭਾਈਚਾਰਾ ਇਕੱਠਾ ਹੋਣ ਲੱਗ ਗਿਆ ਹੈ ਤੇ ਭਰੋਸੇਯੋਗ ਸੂਤਰ੍ਹਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਦੀ ਮੈਨੇਜਮੈਂਟ 'ਚ ਕੁਝ ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਜਿਹਾ ਨਾ ਹੋਣ ਦੇਣ ਦੀ ਅਪੀਲ ਪੰਜਾਬੀ ਭਾਈਚਾਰੇ ਵਲੋਂ ਕੀਤੀ ਜਾ ਰਹੀ ਹੈ।