ਕਜ਼ਾਕਿਸਤਾਨ : ਬੱਸ ਨੂੰ ਅੱਗ ਲੱਗੀ, 52 ਮੌਤਾਂ

ਖ਼ਬਰਾਂ, ਕੌਮਾਂਤਰੀ

ਅਲਮਾਤੀ, 18 ਜਨਵਰੀ : ਕਜ਼ਾਕਿਸਤਾਨ 'ਚ ਵੀਰਵਾਰ ਨੂੰ ਇਕ ਬੱਸ 'ਚ ਅੱਗ ਲੱਗ ਗਈ ਜਿਸ ਕਾਰਨ 52 ਲੋਕ ਜ਼ਿੰਦਾ ਸੜ ਗਏ। ਏਸ਼ੀਆਈ ਦੇਸ਼ਾਂ ਦੇ ਐਮਰਜੈਂਸੀ ਸਰਵਿਸ ਮੰਤਰਾਲੇ ਵਲੋਂ ਜਾਰੀ ਕੀਤੇ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਬੱਸ 'ਚ 55 ਮੁਸਾਫ਼ਰ ਅਤੇ ਦੋ ਚਾਲਕ ਸਵਾਰ ਸਨ, ਜਿਸ 'ਚੋਂ ਸਿਰਫ਼ ਪੰਜ ਲੋਕ ਹੀ ਬਚਣ ਵਿਚ ਕਾਮਯਾਬ ਹੋਏ।ਮੰਤਰਾਲੇ ਨੇ ਦਸਿਆ ਕਿ ਵੀਰਵਾਰ ਸਵੇਰੇ ਕਰੀਬ 10:30 ਵਜੇ ਇਕ ਬੱਸ 'ਚ ਅੱਗ ਲੱਗ ਗਈ। ਮੰਤਰਾਲੇ ਦੇ ਅਧਿਕਾਰੀ ਰੂਸਲਾਨ ਇਮਾਨਕੁਲੋਵ ਮੁਤਾਬਕ ਬੱਸ ਦੇ ਡਰਾਈਵਰ ਨੇ ਦਸਿਆ ਕਿ ਯਾਤਰੀ ਉਜ਼ਬੇਕ ਨਾਗਰਿਕ ਸਨ। ਰੂਸੀ ਅਤੇ ਕਜ਼ਾਕ ਮੀਡੀਆ 'ਚ ਪ੍ਰਸਾਰਤ ਵੀਡੀਉ ਵਿਚ ਬਰਫ਼ੀਲੀ ਢਲਾਣ 'ਤੇ ਖੜੀ ਬੱਸ 'ਚੋਂ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ ਅਤੇ ਇਕ ਤਸਵੀਰ 'ਚ ਬੱਸ ਪੂਰੀ ਤਰ੍ਹਾਂ ਸੜੀ ਹੋਈ ਨਜ਼ਰ ਆ ਰਹੀ ਹੈ। ਹਾਦਸੇ 'ਚ ਬਚੇ ਡਰਾਈਵਰ ਦੇ ਬਿਆਨ ਮੁਤਾਬਕ ਬੱਸ 'ਚ ਅੱਗ ਬਹੁਤ ਤੇਜ਼ੀ ਨਾਲ ਫੈਲੀ ਜਿਸ ਕਾਰਨ ਕਿਸੇ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।

ਇਹ ਬੱਸ ਰੂਸੀ ਸ਼ਹਿਰ ਸਮਾਰਾ ਤੋਂ ਦੱਖਣ ਕਜ਼ਾਕਿਸਤਾਨ ਦੇ ਸ਼ਿਮਕੇਂਦ ਜਾ ਰਹੀ ਸੀ। ਇਨ੍ਹਾਂ ਦੋਹਾਂ ਸ਼ਹਿਰਾਂ ਦੀ ਦੂਰੀ ਲਗਭਗ 2200 ਕਿਲੋਮੀਟਰ ਹੈ। ਕਈ ਉਜ਼ਬੇਕ ਮਜ਼ਦੂਰ ਰੂਸ 'ਚ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਨ ਲਈ ਇਸ ਰਸਤੇ ਤੋਂ ਸਫ਼ਰ ਕਰਦੇ ਰਹਿੰਦੇ ਹਨ। ਮੰਤਰਾਲਾ ਨੇ ਦਸਿਆ ਕਿ ਇਹ ਬੱਸ ਹੰਗਰੀ 'ਚ ਬਣੀ ਹੈ। ਹਾਲਾਂਕਿ ਬੱਸ 'ਚ ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਦਸਿਆ ਗਿਆ ਹੈ।ਜ਼ਿਕਰਯੋਗ ਹੈ ਕਿ ਸਾਲ 2016 ਵਿਚ ਅਫ਼ਗ਼ਾਨਿਸਤਾਨ 'ਚ ਇਕ ਤੇਲ ਟੈਂਕਰ ਨੂੰ ਲੱਗ ਲੱਗ ਗਈ ਸੀ ਜਿਸ ਕਾਰਨ 73 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਪਿਛਲੇ ਸਾਲ ਅਕਤੂਬਰ 'ਚ ਇਕ ਕਜ਼ਾਕ ਬੱਸ ਦੀ ਰੇਲ ਗੱਡੀ ਨਾਲ ਟੱਕਰ ਹੋ ਗਈ ਸੀ ਜਿਸ 'ਚ 19 ਲੋਕ ਮਾਰੇ ਗਏ ਸਨ।    (ਪੀਟੀਆਈ)