ਖੇਤੀਬਾੜੀ ਮੇਲੇ 'ਚ ਪੰਜਾਬੀਆਂ ਨੇ ਭਰਵੀਂ ਸ਼ਿਰਕਤ ਕੀਤੀ

ਖ਼ਬਰਾਂ, ਕੌਮਾਂਤਰੀ



ਪਰਥ, 13 ਸਤੰਬਰ (ਪਿਆਰਾ ਸਿੰਘ ਨਾਭਾ) : ਪਛਮੀ ਆਸਟ੍ਰੇਲੀਆ ਦੇ ਕਸਬੇ ਡਿਉਰਨ 'ਚ ਦੋ ਦਿਨਾਂ ਖੇਤੀਬਾੜੀ ਮੇਲਾ ਲਗਾਇਆ ਗਿਆ, ਜਿਸ 'ਚ ਖੇਤੀਬਾੜੀ ਮਸ਼ੀਨਰੀ ਦੀ ਨੁਮਾਇਸ਼ ਅਤੇ ਫਸਲਾਂ, ਬੀਜਾਂ ਤੇ ਨਵੀਂਆਂ ਖੋਜਾਂ ਅਧਾਰਤ ਖੇਤੀਬਾੜੀ ਵਿਭਾਗ ਵਲੋਂ ਪ੍ਰਦਰਸ਼ਨੀ ਲਾਈ ਗਈ।
ਮੇਲੇ 'ਚ ਆਸਟ੍ਰੇਲੀਆ ਭਰ ਤੋਂ 25,000 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਡਿਉਰਨ ਕਸਬਾ ਪਰਥ ਸ਼ਹਿਰ ਤੋਂ 170 ਕਿਲੋਮੀਟਰ ਦੀ ਦੂਰੀ 'ਤੇ ਹੈ। ਹਰ ਸਾਲ ਦੀ ਤਰ੍ਹਾਂ ਵਿਰਸਾ ਕਲੱਬ ਡਬਲਿਯੂ.ਏ. ਪਰਥ ਦੇ ਸੀਨੀਅਰ ਨਾਗਰਿਕ ਮਰਦ ਤੇ ਔਰਤਾਂ ਲਈ ਤਿੰਨ ਬਸਾਂ ਲੈ ਕੇ ਗਿਆ ਅਤੇ ਗੁਰਦਵਾਰਾ ਸਾਹਿਬ ਕੈਨਿੰਗਵੇਲ ਤੋਂ ਸਵੇਰੇ 9 ਵਜੇ ਚੱਲੀਆਂ।

ਪਛਮੀ ਆਸਟ੍ਰੇਲੀਆ ਖੇਤੀਬਾੜੀ ਵਿਭਾਗ ਦੇ ਅਫਸਰ ਹਰਮਹਿੰਦਰ ਸਿੰਘ ਧੰਮੂ ਨੇ ਦਸਿਆ ਕਿ ਪੁਲਾੜੀ ਉਪਗ੍ਰਹਿ ਦੇ ਰਾਹੀਂ ਜ਼ਮੀਨੀ ਪਰਤ 'ਤੇ ਮੌਸਮ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਦੀ ਖੋਜ ਕੀਤੀ ਅਤੇ ਆਸਟ੍ਰੇਲੀਆ 'ਚ ਖੇਤੀ ਨੂੰ 'ਕਲੀਨ ਤੇ ਗ੍ਰੀਨ' ਨਾਹਰਾ ਦਿਤਾ ਗਿਆ। ਪਰਥ ਵਸਦੇ ਜ਼ਿਆਦਾਤਰ ਪੰਜਾਬੀ ਭਾਈਚਾਰੇ ਦਾ ਪੇਂਡੂ ਪਿਛੋਕੜ ਹੋਣ ਕਾਰਨ ਸਾਰਿਆਂ ਨੇ ਟਰੈਕਟਰ, ਕੰਬਾਈਨ ਅਤੇ ਹੋਰ ਖੇਤੀ ਮਸ਼ੀਨਰੀ ਸੰਦਾਂ 'ਚ ਬਹੁਤ ਦਿਲਚਸਪੀ ਵਿਖਾਈ। ਇਸ ਮੌਕੇ ਵਿਰਸਾ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਨੇ ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ (ਸਾਵਾ) ਇਸ ਟੂਰ ਪ੍ਰੋਗਰਾਮ ਲਈ ਸਹਿਯੋਗ ਕਰਨ ਲਈ ਧਨਵਾਦ ਕੀਤਾ।

ਇਸ ਮੌਕੇ ਵਿਰਸਾ ਕਲੱਬ ਕਮੇਟੀ ਮੈਂਬਰ ਬਹਾਦਰ ਸਿੰਘ ਮਾਨ, ਹਰਬੀਰ ਸਿੰਘ, ਹਰਜੀਤ ਧਨੋਆ, ਉਂਕਾਰ ਵਿਰਦੀ, ਕਲਵਿੰਦਰ ਸਿੱਧੂ, ਅਨੁਪਮ ਸਿੰਘ, ਹਰਮੀਕ ਸਿੰਘ, ਤਰੁਣਪ੍ਰੀਤ ਸਿੰਘ, ਸਤਵੀਰ ਸਿੰਘ ਤੇ ਹਰਮਿੰਦਰ ਜੋਤੀ ਆਦਿ ਹਾਜ਼ਰ ਸਨ।