ਖ਼ੁਸ਼ਖਬਰੀ: ਹੁਣ ਜਾ ਸਕੋਗੇ ਬੈਂਕਾਕ ਸਮੁੰਦਰੀ ਜਹਾਜ਼ 'ਚ, ਕਈ ਦੇਸ਼ਾਂ ਦੇ ਨਜ਼ਾਰੇ ਦੇਖਣ ਦਾ ਮਿਲੇਗਾ ਮਜ਼ਾ

ਖ਼ਬਰਾਂ, ਕੌਮਾਂਤਰੀ

ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਅਹਿਮ ਹੈ। ਤੁਹਾਡੇ ਲਈ ਸਫਰ ਕਾਫੀ ਮਜ਼ੇ ਵਾਲਾ ਸਾਬਤ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਅਗਲੇ ਸਾਲ ਤੋਂ ਬੈਂਕਾਕ ਲਈ ਸਿਰਫ ਹਵਾਈ ਸਫਰ ਹੀ ਨਹੀਂ ਸਮੁੰਦਰੀ ਜਹਾਜ਼ 'ਚ ਵੀ ਜਾਇਆ ਜਾ ਸਕੇਗਾ। 

ਇਸ ਦੌਰਾਨ ਤੁਹਾਨੂੰ ਕਈ ਦੇਸ਼ਾਂ ਦੇ ਨਜ਼ਾਰੇ ਦੇਖਣ ਦਾ ਮਜ਼ਾ ਮਿਲੇਗਾ, ਜਿਸ 'ਚ ਸਿੰਗਾਪੁਰ, ਸ਼੍ਰੀਲੰਕਾ, ਮਲੇਸ਼ੀਆ ਵਰਗੇ ਦੇਸ਼ ਸ਼ਾਮਿਲ ਹਨ। 'ਵਾਈਕਿੰਗਜ਼ ਓਸ਼ਨ ਕਰੂਜ਼ਜ' ਇਹ ਕੌਮਾਂਤਰੀ ਸੇਵਾਵਾਂ ਮੁੰਬਈ-ਬੈਂਕਾਕ, ਐਥੈਂਸ-ਮੁੰਬਈ ਵਿਚਕਾਰ ਸ਼ੁਰੂ ਕਰਨ ਵਾਲਾ ਹੈ।

ਇਸ ਦੇ ਨਾਲ ਹੀ ਕੋਲੰਬੋ, ਕੁਆਲਾਲੰਪੁਰ, ਸਿੰਗਾਪੁਰ 'ਚ ਇਕ ਦਿਨ ਬਿਤਾਉਣ ਦਾ ਮੌਕਾ ਅਤੇ ਕੋਹ ਸੈਮੂਈ ਦੇ ਸਮੁੰਦਰੀ ਤੱਟਾਂ ਦੇ ਸੋਹਣੇ ਨਜ਼ਾਰੇ ਦੇਖ ਸਕੋਗੇ। ਯਾਨੀ ਇਨ੍ਹਾਂ 16 ਦਿਨਾਂ 'ਚ ਇਹ ਜਹਾਜ਼ ਗੋਆ, ਕੋਲੰਬੋ, ਕੁਆਲਾਲੰਪੁਰ, ਸਿੰਗਾਪੁਰ ਵਰਗੀਆਂ ਥਾਵਾਂ ਤੋਂ ਹੋ ਕੇ ਲੰਘੇਗਾ।

ਉੱਥੇ ਹੀ, ਗ੍ਰੀਸ ਦੀ ਰਾਜਧਾਨੀ ਐਥੈਂਸ ਤੋਂ ਮੁੰਬਈ ਦਾ ਸਫਰ 21 ਦਿਨਾਂ 'ਚ ਪੂਰਾ ਹੋਵੇਗਾ। 21 ਦਿਨ ਦੀ ਯਾਤਰਾ 'ਚ ਸਮੁੰਦਰੀ ਜਹਾਜ਼ ਤੁਹਾਨੂੰ ਪ੍ਰਾਚੀਨ ਵਪਾਰਕ ਮਾਰਗਾਂ ਤੋਂ ਭਾਰਤ ਲੈ ਕੇ ਆਵੇਗਾ। ਇਹ ਯਾਤਰਾ 9 ਗਾਈਡਡ ਟੂਰ ਅਤੇ 6 ਦੇਸ਼ਾਂ ਨੂੰ ਕਵਰ ਕਰੇਗੀ। 

ਮੁੰਬਈ ਪਹੁੰਚਣ ਤੋਂ ਪਹਿਲਾਂ ਯਾਤਰੀਆਂ ਨੂੰ ਐਥੈਂਸ ਦੇ ਪ੍ਰਾਚੀਨ ਸ਼ਹਿਰ, ਇਜ਼ਰਾਇਲ ਦੇ ਤੀਜੇ ਵੱਡੇ ਸ਼ਹਿਰ ਹਾਇਫਾ ਦੇ ਹੈਂਗਿੰਗ ਗਾਰਡਨ ਅਤੇ ਮਿਸਰ ਦੇ ਪਿਰਾਮਿਡ ਦੇਖਣ ਦਾ ਮੌਕਾ ਵੀ ਮਿਲੇਗਾ। ਜਾਣਕਾਰੀ ਮੁਤਾਬਕ, ਮੁੰਬਈ ਤੋਂ ਬੈਂਕਾਕ ਦਾ ਸਫਰ 8 ਸਤੰਬਰ 2018, ਜਦੋਂਕਿ ਐਥੈਂਸ ਤੋਂ ਮੁੰਬਈ ਦਾ ਸਮੁੰਦਰੀ ਸਫਰ 19 ਅਗਸਤ 2018 ਤੋਂ ਸ਼ੁਰੂ ਕੀਤਾ ਜਾਵੇਗਾ।