ਕੈਨੇਡਾ ਵਿੱਚ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਵੱਡਾ ਹਿੱਸਾ ਵਕੀਲਾਂ ਦੀ ਫੀਸ ਦੇ ਲੇਖੇ ਲੱਗ ਰਿਹਾ ਹੈ। ਬਹੁਤ ਘੱਟ ਗੁਰਦੁਆਰਾ ਕਮੇਟੀਆਂ ਹਨ, ਜਿਨ੍ਹਾਂ ਨੂੰ ਅਦਾਲਤੀ ਕੇਸਾਂ ਦਾ ਸਾਹਮਣਾ ਨਾ ਕਰਨਾ ਪੈ ਰਿਹਾ ਹੋਵੇ। ਬਹੁਤੇ ਮਾਮਲੇ ਕਮੇਟੀਆਂ ’ਚ ਅਹੁਦਿਆਂ 'ਤੇ ਹੱਕ ਨੂੰ ਲੈ ਕੇ ਚੱਲਦੇ ਹਨ। ਕਿਤੇ ਚੋਣ ਨੂੰ ਚੁਣੌਤੀ ਦਿੱਤੀ ਜਾਂਦੀ ਹੈ, ਕਿਤੇ ਮੈਂਬਰਸ਼ਿਪ ਜਾਂ ਵੋਟਰਾਂ ਉੱਤੇ ਇਤਰਾਜ਼ ਉਠਾ ਕੇ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ।
ਚੜ੍ਹਾਵੇ ਦਾ ਵੱਡਾ ਹਿੱਸਾ ਵਕੀਲਾਂ ਦੀਆਂ ਫੀਸਾਂ ਲੇਖੇ ਲੱਗਣ ਕਾਰਨ ਅਜਿਹੇ ਗੁਰਦੁਆਰਿਆਂ ਦੀਆਂ ਇਮਾਰਤਾਂ ਬੈਂਕਾਂ ਕੋਲ ਗਹਿਣੇ ਹਨ। ਇਹੀ ਕਾਰਨ ਹੈ ਕਿ ਨਿਜੀ ਮਾਲਕੀ ਵਾਲੇ ਗੁਰਦੁਆਰਿਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ।ਇਕ ਅਨੁਮਾਨ ਅਨੁਸਾਰ ਕੈਨੇਡਾ ’ਚ ਹੀ ਸਥਾਪਤ ਗੁਰੂਘਰਾਂ ਦੀ ਗਿਣਤੀ 200 ਦੇ ਆਸ ਪਾਸ ਹੈ। ਜਿਆਦਾਤਰ ਗੁਰਦੁਆਰੇ ਨਿੱਜੀ ਸੰਪਤੀ ਹਨ। ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਥਾਂ ਵਪਾਰਕ ਸੋਚ ਭਾਰੂ ਹੈ।
ਕੈਨੇਡਾ ’ਚ ਸਭ ਤੋਂ ਪਹਿਲਾ ਗੁਰੂਘਰ ਪਿਛਲੀ ਸਦੀ ਦੇ ਸ਼ੁਰੂਆਤੀ ਸਾਲਾਂ ’ਚ ਵੈਨਕੂਵਰ ’ਚ ਸਥਾਪਤ ਹੋਇਆ ਸੀ। ਇਸ ਗੁਰਦੁਆਰੇ ਦੇ ਪ੍ਰਬੰਧ ਉਤੇ ਕਬਜ਼ੇ ਨਾਲ ਸਬੰਧਤ ਕੁਝ ਕੇਸ ਅਦਾਲਤ ’ਚ ਹਨ। ਐਬਸਫੋਰਡ ਦੇ ਕਈ ਦਹਾਕੇ ਪੁਰਾਣੇ ਗੁਰਦਵਾਰਾ ਸਾਹਿਬ ਦੀ ਚੁਣੀ ਹੋਈ ਕਮੇਟੀ ਵੀ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਲੋੜ ਹੈ ਕਿ ਸੰਗਤ ਦੇ ਦਸਵੰਧ ਨੂੰ ਢੁਕਵੇਂ ਥਾਵਾਂ 'ਤੇ ਖ਼ਰਚ ਕਰਕੇ ਸਿੱਖੀ ਦੇ ਪ੍ਰਚਾਰ 'ਤੇ ਜ਼ੋਰ ਦਿੱਤਾ ਜਾਵੇ।