ਲੰਦਨ ਦੇ ਧਰਤੀ ਹੇਠਲੇ ਰੇਲਵੇ ਸਟੇਸ਼ਨ 'ਤੇ 'ਅਤਿਵਾਦੀ ਹਮਲਾ', 22 ਜ਼ਖ਼ਮੀ

ਖ਼ਬਰਾਂ, ਕੌਮਾਂਤਰੀ

ਲੰਦਨ, 15 ਸਤੰਬਰ (ਹਰਜੀਤ ਸਿੰਘ ਵਿਰਕ) : ਦਖਣੀ-ਪਛਮੀ ਲੰਦਨ ਦੇ ਜ਼ਮੀਨਦੋਜ਼ ਰੇਲਵੇ ਸਟੇਸ਼ਨ 'ਤੇ ਇਕ ਰੇਲਗੱਡੀ ਵਿਚ ਅੱਜ ਧਮਾਕਾ ਹੋ ਗਿਆ ਜਿਸ ਕਾਰਨ ਘੱਟੋ-ਘੱਟੋ 22 ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਯਾਨੀ ਸਕਾਟਲੈਂਡ ਯਾਰਡ ਨੇ ਇਸ ਨੂੰ 'ਅਤਿਵਾਦੀ ਘਟਨਾ' ਕਰਾਰ ਦਿਤਾ ਹੈ। ਇਹ ਘਟਨਾ ਪਾਰਸਨਜ਼ ਸਟੇਸ਼ਨ 'ਤੇ ਜ਼ਮੀਨਦੋਜ਼ ਯਾਨੀ ਅੰਡਰਗ੍ਰਾਊਂਡ ਮੈਟਰੋ ਟ੍ਰੇਨ (ਟਿਊਬ) ਵਿਚ ਵਾਪਰੀ। ਪੁਲਿਸ ਨੇ ਕਿਹਾ, 'ਸ਼ੱਕੀ ਬਾਲਟੀ ਬੰਬ ਕਾਰਨ ਇਹ ਧਮਾਕਾ ਹੋਇਆ ਅਤੇ ਇਸ ਘਟਨਾ ਨੂੰ ਅਤਿਵਾਦੀ ਹਮਲਾ ਸਮਝਿਆ ਜਾ ਰਿਹਾ ਹੈ। ਲੰਦਨ ਐਂਬੂਲੈਂਸ ਸੇਵਾ ਨੇ ਦਸਿਆ ਕਿ 18 ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਚਾਰ ਜਣੇ ਖ਼ੁਦ ਹਸਪਤਾਲ ਪਹੁੰਚੇ। ਘਟਨਾ ਵਿਚ ਜ਼ਿਆਦਾਤਰ ਵਿਅਕਤੀ ਝੁਲਸ ਗਏ ਹਨ। ਘਟਨਾ ਤੋਂ ਤੁਰਤ ਬਾਅਦ ਭਾਜੜ ਮੱਚ ਗਈ ਜਿਸ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ।
ਵਿਸਫੋਟਕ ਕਿਹੜੀ ਚੀਜ਼ ਦਾ ਬਣਿਆ ਹੋਇਆ ਸੀ, ਹਾਲੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਮੈਟ੍ਰੋਪਾਲੀਟਨ ਪੁਲਿਸ ਬੰਬ ਰੋਧਕ ਦਸਤਾ ਤੇ ਫ਼ਾਇਰ ਬ੍ਰਿਗੇਡ ਐਂਬੂਲੈਂਸ ਨਾਲ ਮੌਕੇ 'ਤੇ ਪਹੁੰਚੀ ਤੇ ਸਟੇਸ਼ਨ 'ਤੇ ਆਉਣ ਵਾਲੇ ਰਸਤਿਆਂ 'ਤੇ ਪਾਬੰਦੀ ਲਾ ਦਿਤੀ ਗਈ। ਟ੍ਰਾਂਸਪੋਰਟ ਫ਼ਾਰ ਲੰਡਨ (ਟੀ.ਐਫ਼.ਐਲ.) ਦਾ ਕਹਿਣਾ ਹੈ ਕਿ ਸੁਰੱਖਿਆ ਚੌਕਸੀ ਕਾਰਨ ਡਿਸਟ੍ਰਿਕਟ ਲਾਈਨ 'ਤੇ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੁਪਰ ਮਾਰਕੀਟ ਦੇ ਪਲਾਸਟਿਕ ਦੇ ਲਿਫ਼ਾਫ਼ੇ 'ਚ ਰੱਖੀ ਪਲਾਸਟਿਕ ਦੀ ਬਾਲਟੀ 'ਚ ਧਮਾਕਾ ਹੋਇਆ।
ਸਟੇਸ਼ਨ ਦੇ  ਪ੍ਰਤੱਖਦਰਸ਼ੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੁੱਝ ਜ਼ਖ਼ਮੀ ਲੋਕਾਂ ਨੂੰ ਵੇਖਿਆ। ਕਈ ਲੋਕਾਂ ਨੂੰ ਦੁਕਾਨਾਂ ਬੰਦ ਰੱਖਣ ਲਈ ਕਿਹਾ ਗਿਆ।