ਲੰਦਨ,
17 ਸਤੰਬਰ : ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਅੰਡਰਗਰਾਊਂਡ ਮੈਟਰੋ ਟਰੇਨ ਵਿਚ ਹੋਏ
ਧਮਾਕੇ ਦੇ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਮਾਕੇ 'ਚ
30 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਪੁਲਿਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ
ਬ੍ਰਿਟੇਨ ਵਿਚ ਉੱਚ ਪਧਰੀ ਅਲਰਟ ਜਾਰੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੇ
ਅਤਿਵਾਦੀਆਂ ਨੇ ਲਈ ਹੈ।
ਪੁਲਿਸ ਨੇ ਸਨਿਚਰਵਾਰ ਦੇਰ ਰਾਤ ਇਕ 21 ਸਾਲਾ ਵਿਅਕਤੀ
ਨੂੰ ਪਛਮੀ ਲੰਡਨ ਦੇ ਉਪ ਨਗਰ ਹਾਊਨਸਲੋ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ
ਬ੍ਰਿਟਿਸ਼ ਪੁਲਿਸ ਨੇ ਇਸ ਮਾਮਲੇ ਵਿਚ 18 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਟਰੇਨ ਧਮਾਕਾ ਬੀਤੇ ਸ਼ੁਕਰਵਾਰ ਦੀ ਸਵੇਰ ਨੂੰ ਹੋਇਆ ਸੀ। ਚਸ਼ਮਦੀਦਾਂ ਮੁਤਾਬਕ ਇਹ ਧਮਾਕਾ
ਇਕ ਬਾਲਟੀ 'ਚ ਰੱਖ ਕੇ ਕੀਤਾ ਗਿਆ ਸੀ।
ਉਧਰ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ
ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬ੍ਰਿਟੇਨ 'ਚ ਸੁਰੱਖਿਆ ਵਧਾ ਦਿਤੀ ਗਈ ਹੈ। ਉਨ੍ਹਾਂ
ਕਿਹਾ ਕਿ ਬ੍ਰਿਟੇਨ ਦੀਆਂ ਸੜਕਾਂ 'ਤੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਫ਼ੌਜੀ ਵਿਖਾਈ ਦੇ
ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਨਿਸ਼ਚਿਤ ਸਮੇਂ ਲਈ ਪੁਲਿਸ ਦੀ ਥਾਂ 'ਤੇ ਫ਼ੌਜੀ ਕਰਮਚਾਰੀਆਂ
ਨੂੰ ਚੁਨਿੰਦਾ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ।