ਲੰਦਨ ਵਿਚ ਸਿੱਖ ਯਾਦਗਾਰਾਂ ਲਈ ਬਣੇਗੀ ਨਵੀਂ ਯੁੱਧ ਯਾਦਗਾਰ

ਖ਼ਬਰਾਂ, ਕੌਮਾਂਤਰੀ

ਲੰਦਨ, 31 ਜਨਵਰੀ: ਬਰਤਾਨਵੀ ਸਰਕਾਰ ਨੇ ਦੋ ਵਿਸ਼ਵ ਯੁੱਧ ਦੌਰਾਨ ਬਰਤਾਨੀਆ ਅਤੇ ਇਸ ਦੇ ਸਹਿਯੋਗੀਆਂ ਲਈ ਲੜਨ ਵਾਲੇ ਸਿੱਖ ਫ਼ੌਜੀਆਂ ਦੇ ਬਲਿਦਾਨ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਇਕ ਕੌਮੀ ਯਾਦਗਾਰ ਨੂੰ ਸਮਰਥਨ ਅਤੇ ਵਿੱਤ ਦੇਣ 'ਤੇ ਸਹਿਮਤੀ ਪ੍ਰਗਟਾਈ ਹੈ। ਦੋ ਵਿਸ਼ਵ ਯੁੱਧ ਦੌਰਾਨ 83 ਹਜ਼ਾਰ ਤੋਂ ਜ਼ਿਆਦਾ ਸਿੱਖ ਫ਼ੌਜੀਆਂ ਨੇ ਅਪਣੀ ਜਾਨ ਦਿਤੀ ਸੀ ਅਤੇ ਇਕ ਲੱਖ ਤੋਂ ਜ਼ਿਆਦਾ ਫ਼ੌਜੀ ਜ਼ਖ਼ਮੀ ਹੋਏ ਸਨ। ਬਰਤਾਨੀਆ ਦੇ ਭਾਈਚਾਰਕ ਮੰਤਰੀ ਸਾਜਿਦ ਜਾਵੇਦ ਨੇ ਕਲ ਲੰਦਨ ਵਿਚ ਨਵੀਂ ਯਾਦਗਾਰ ਦੇ ਪ੍ਰਸਤਾਵ ਨੂੰ ਸਰਕਾਰ ਦੇ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਾਰੇ ਫ਼ੌਜੀਆਂ ਦੇ ਕਰਜ਼ਦਾਰ ਹਨ ਜਿਨ੍ਹਾਂ ਉਸ ਆਜ਼ਾਦੀ ਦੀ ਰਖਿਆ ਲਈ ਅਪਣੀ ਜਾਨ ਦੇ ਦਿਤੀ ਜਿਸ ਵਿਚ ਅੱਜ ਅਸੀ ਰਹਿ ਰਹੇ ਹਾਂ।

 ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਕੌਮੀ ਰਾਜਧਾਨੀ ਵਿਚ ਇਕ ਸਿੱਖ ਯੁੱਧ ਯਾਦਗਾਰ ਉਨ੍ਹਾਂ ਦੇ ਬਲਿਦਾਨ ਨੂੰ ਸਨਮਾਨ ਦੇਵੇਗਾ ਅਤੇ ਯਕੀਨੀ ਕਰੇਗਾ ਕਿ ਸਾਡੇ ਸਾਂਝੇ ਇਤਿਹਾਸ ਦੇ ਇਸ ਹਿੱਸੇ ਨੂੰ ਕਦੇ ਵੀ ਭੁਲਾਇਆ ਨਾ ਜਾਵੇ, ਇਸ ਲਈ ਉਹ ਇਸ ਮੁਹਿੰਮ ਦਾ ਸਮਰਥਨ ਕਰ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ।  ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਨਵੀਂ ਸਿੱਖ ਯੁੱਧ ਯਾਦਗਾਰ ਲਈ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਹੁਣ ਸਰਕਾਰ ਦਾ ਸਮਰਥਨ ਵੀ ਹਾਸਲ ਹੈ।  (ਪੀ.ਟੀ.ਆਈ.)