ਲਾਹੌਰ, 24 ਜਨਵਰੀ : ਲਾਹੌਰ ਹਾਈ ਕੋਰਟ ਨੇ ਬੁਧਵਾਰ ਨੂੰ ਅਤਿਵਾਦੀ ਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ 'ਤੇ ਅਗਲੇ ਆਦੇਸ਼ ਤਕ ਰੋਕ ਲਗਾ ਦਿਤੀ ਹੈ। ਸਾਲ 2008 'ਚ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੀ ਟੀਮ ਦੇ ਦੌਰੇ ਤੋਂ ਪਹਿਲਾਂ ਗ੍ਰਿਫ਼ਤਾਰੀ ਤੋਂ ਬਚਣ ਲਈ ਮੰਗਲਵਾਰ ਨੂੰ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਯੂ.ਐਨ.ਐਸ.ਸੀ. ਦੀ ਟੀਮ ਵੀਰਵਾਰ ਨੂੰ ਇਸਲਾਮਾਬਾਦ ਪਹੁੰਚਣ ਵਾਲੀ ਹੈ।ਅਪਣੀ ਪਟੀਸ਼ਨ 'ਚ ਹਾਫ਼ਿਜ਼ ਸਈਦ ਨੇ ਕਿਹਾ ਸੀ ਕਿ ਪਾਕਿ ਸਰਕਾਰ ਉਸ ਨੂੰ ਭਾਰਤ ਅਤੇ ਅਮਰੀਕਾ ਦੇ ਦਬਾਅ 'ਚ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।
ਜਸਟਿਸ ਆਮਿਨ ਅਮਿਨੁਦੀਨ ਖ਼ਾਨ ਨੇ ਹਾਫ਼ਿਜ਼ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਰਕਾਰ ਨੂੰ ਹਾਫ਼ਿਜ਼ ਵਿਰੁਧ ਕੋਈ ਵੀ ਗ਼ਲਤ ਕਦਮ ਚੁੱਕਣ ਤੋਂ ਮਨਾ ਕੀਤਾ ਹੈ। ਅਦਾਲਤ ਦੇ ਇਕ ਅਧਿਕਾਰੀ ਨੇ ਦਸਿਆ, ''ਲਾਹੌਰ ਹਾਈ ਕੋਰਟ ਨੇ ਅੱਜ ਹਾਫ਼ਿਜ਼ ਸਈਦ ਦੀ ਪਟੀਸ਼ਨ ਮਨਜੂਰ ਕਰ ਲਈ ਅਤੇ ਅਗਲੇ ਆਦੇਸ਼ ਤਕ ਉਸ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਅਦਾਲਤ ਨੇ ਸਰਕਾਰ ਨੂੰ 17 ਮਾਰਚ ਤਕ ਇਸ ਮਾਮਲੇ 'ਚ ਜਵਾਬ ਵੀ ਦਾਖ਼ਲ ਕਰਨ ਲਈ ਕਿਹਾ ਹੈ।''ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਦੇ ਵਕੀਲ ਏ.ਕੇ. ਡੋਗਰ ਨੇ ਅਦਾਲਤ ਨੂੰ ਕਿਹਾ ਕਿ ਯੂ.ਐਨ.ਐਸ.ਸੀ. ਦਾ ਵਫ਼ਦ ਇਸੇ ਹਫ਼ਤੇ ਆਉਣ ਵਾਲਾ ਹੈ ਅਤੇ ਸਰਕਾਰ ਇਸ ਟੀਮ ਦੇ ਇਥੇ ਰਹਿੰਦਿਆਂ ਹਾਫ਼ਿਜ਼ ਵਿਰੁਧ ਕੋਈ ਐਕਸ਼ਨ ਲੈਣਾ ਚਾਹੁੰਦੀ ਹੈ।