ਲਾਪਤਾ ਬੱਚੀ ਦਾ ਪਿਤਾ ਗ੍ਰਿਫ਼ਤਾਰ

ਖ਼ਬਰਾਂ, ਕੌਮਾਂਤਰੀ

ਹਿਊਸਟਨ, 24 ਅਕਤੂਬਰ : ਅਮਰੀਕਾ 'ਚ ਇਕ ਪੁਲ ਨੇੜਿਉਂ ਬੱਚੀ ਦੀ ਲਾਸ਼ ਬਰਾਮਦ ਹੋਣ ਦੇ ਇਕ ਦਿਨ ਬਾਅਦ ਤਿੰਨ ਸਾਲਾ ਭਾਰਤੀ ਬੱਚੀ ਸ਼ੇਰੀਨ ਮੈਥਿਊਜ਼ ਦੇ ਪਿਤਾ ਵੈਸਲੇ ਮੈਥਿਊਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚੀ ਦੀ ਲਾਸ਼ ਮੈਥਿਊਜ਼ ਦੇ ਘਰ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ 'ਤੇ ਮਿਲੀ ਸੀ। ਟੈਕਸਾਸ ਦੇ ਪੁਲਿਸ ਅਧਿਕਾਰੀ ਰਿਚਰਡਸਨ ਨੇ ਦਸਿਆ ਕਿ ਭਾਰਤੀ-ਅਮਰੀਕੀ ਵੈਸਲੇ ਮੈਥਿਊਜ਼ (37) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁਧ ਅਪਣੀ ਬੱਚੀ ਨੂੰ ਗੁਪਤ ਤਰੀਕੇ ਨਾਲ ਗਾਇਬ ਕਰਨ ਅਤੇ ਪੁਲਿਸ ਨੂੰ ਮਨਘੜੰਤ ਕਹਾਣੀ ਦੱਸ ਕੇ ਗੁੰਮਰਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਵੈਸਲੇ ਅਤੇ ਉਸ ਦਾ ਅਟਾਰਨੀ ਖੁਦ ਪੁਲਿਸ ਥਾਣੇ ਪਹੁੰਚੇ। ਉਨ੍ਹਾਂ ਨੇ ਬੱਚੀ ਦੇ ਲਾਪਤਾ ਹੋਣ ਬਾਰੇ ਪਹਿਲਾਂ ਦਿਤੇ ਬਿਆਨ ਤੋਂ ਵੱਖਰਾ ਬਿਆਨ ਦਿਤਾ।ਜ਼ਿਕਰਯੋਗ ਹੈ ਸ਼ੇਰੀਨ ਮੈਥਿਊਜ਼ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਸ ਦੇ ਪਿਤਾ ਵੈਸਲੇ ਮੈਥਿਊਜ਼ ਨੇ ਦੁੱਧ ਪੂਰਾ ਨਾ ਪੀਣ 'ਤੇ ਸਜ਼ਾ ਦੇ ਤੌਰ 'ਤੇ ਬੱਚੀ ਨੂੰ ਘਰੋਂ ਬਾਹਰ ਕੱਢ ਦਿਤਾ ਸੀ। ਮੈਥਿਊਜ਼ ਨੇ ਇਸ ਬੱਚੀ ਨੂੰ ਭਾਰਤੀ ਯਤੀਮਖਾਨੇ ਤੋਂ ਦੋ ਸਾਲ ਪਹਿਲਾਂ ਗੋਦ ਲਿਆ ਸੀ। ਸ਼ੇਰੀਨ ਸਰੀਰਕ ਵਿਕਾਸ ਸਬੰਧੀ ਸਮੱਸਿਆ ਤੋਂ ਪੀੜਤ ਹੈ ਅਤੇ ਉਸ ਨੂੰ ਗੱਲ ਕਰਨ ਵਿਚ ਮੁਸ਼ਕਲ ਹੁੰਦੀ ਹੈ।ਮੈਥਿਊਜ਼ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਸ਼ੇਰੀਨ ਨੂੰ 7 ਅਕਤੂਬਰ ਨੂੰ ਦੇਰ ਰਾਤ ਕਰੀਬ ਤਿੰਨ ਵਜੇ ਘਰੋਂ ਬਾਹਰ ਕੱਢ ਦਿਤਾ ਸੀ ਅਤੇ ਉਸ ਨੂੰ ਇਕ ਵੱਡੇ ਦਰੱਖਤ ਨੇੜੇ ਖੜੇ ਹੋਣ ਨੂੰ ਕਿਹਾ ਸੀ। ਹਲਫੀਆ ਬਿਆਨ ਮੁਤਾਬਕ ਉਸ ਨੇ ਸਵੀਕਾਰ ਕੀਤਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਇਲਾਕੇ ਵਿਚ ਜੰਗਲੀ ਜਾਨਵਰ ਵੇਖੇ ਗਏ ਹਨ। ਮੈਥਿਊਜ਼ 15 ਮਿੰਟ ਬਾਅਦ ਸ਼ੇਰੀਨ ਨੂੰ ਕਥਿਤ ਤੌਰ 'ਤੇ ਵੇਖਣ ਗਿਆ ਸੀ, ਪਰ ਸ਼ੇਰੀਨ ਉਥੇ ਨਹੀਂ ਸੀ।ਰਿਚਰਡਨਸਨ ਪੁਲਿਸ ਨੇ ਬੀਤੇ ਸੋਮਵਾਰ ਇਹ ਐਲਾਨ ਕੀਤਾ ਕਿ ਉਨ੍ਹਾਂ ਨੂੰ ਸੜਕ ਥੱਲ੍ਹੇ ਇਕ ਸੁਰੰਗ ਵਿਚ ਬੱਚੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਲਾਸ਼ 'ਸੰਭਵ ਤੌਰ 'ਤੇ' ਸ਼ੇਰੀਨ ਦੀ ਹੈ, ਪਰ ਉਨ੍ਹਾਂ ਨੇ ਲਾਸ਼ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ। (ਪੀਟੀਆਈ)