ਮਈ 'ਚ ਹੋ ਸਕਦੀ ਹੈ ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ

ਖ਼ਬਰਾਂ, ਕੌਮਾਂਤਰੀ

ਸਮਾਂ ਅਤੇ ਥਾਂ ਤੈਅ ਹੋਣਾ ਅਜੇ ਬਾਕੀ : ਵ੍ਹਾਈਟ ਹਾਊੁਸ
ਵਾਸ਼ਿੰਗਟਨ, 9 ਮਾਰਚ : ਦਖਣੀ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਮਈ ਤਕ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਮਿਲਣ 'ਤੇ ਹਾਮੀ ਭਰ ਦਿਤੀ ਹੈ, ਉਥੇ ਹੀ ਵ੍ਹਾਈਟ ਹਾਊੁਸ ਦਾ ਕਹਿਣਾ ਹੈ ਕਿ ਦੋਵੇਂ ਨੇਤਾਵਾਂ ਦੀ ਮੁਲਾਕਾਤ ਹੋਣੀ ਹੈ ਪ੍ਰੰਤੂ ਸਮਾਂ ਅਤੇ ਥਾਂ ਤੈਅ ਹੋਣਾ ਬਾਕੀ ਹੈ।ਦਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਇਉਈ-ਯੋਂਗ ਨੇ ਟਰੰਪ ਅਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਛੋਟੀ ਜਿਹੀ ਮੁਲਾਕਾਤ ਮਗਰੋਂ ਇਸ ਦੀ ਘੋਸ਼ਣਾ ਕੀਤੀ। ਚੁੰਗ ਉਤਰੀ ਕੋਰੀਆ ਨਾਲ ਹੋਈ ਗੱਲਬਾਤ ਨਾਲ ਅਮਰੀਕਾ ਨੂੰ ਜਾਣੂ ਕਰਵਾਉਣ ਅਤੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ। ਬਿਆਨ ਪੜ੍ਹਦੇ ਹੋਏ ਚੁੰਗ ਨੇ ਕਿਹਾ ਕਿ ਉਤਰੀ ਕੋਰੀਆਈ ਨੇਤਾ ਨੇ ਜਿੰਨੀ ਜਲਦੀ ਸੰਭਵ ਹੋ ਸਕੇ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ। ਚੁੰਗ ਨੇ ਉਤਰੀ ਕੋਰੀਆ ਦੇ ਵਿਵਹਾਰ ਵਿਚ ਨਰਮੀ ਆਉਣ ਦਾ ਸਿਹਰਾ ਟਰੰਪ ਦੀ ਅਗਵਾਈ ਅਤੇ ਕੌਮਾਂਤਰੀ ਇਕਜੁਟਤਾ ਦੀ ਮਦਦ ਨਾਲ ਅਪਣਾਈ ਗਈ ਵਧੇਰੇ ਦਬਾਅ ਦੀ ਨੀਤੀ ਨੂੰ ਦਿਤਾ ਹੈ।

ਉਤਰੀ ਕੋਰੀਆਈ ਨੇਤਾ  ਨਾਲ ਅਪਣੀ ਬੈਠਕ ਵਿਚ ਚੁੰਗ ਨੇ ਕਿਹਾ ਕਿ ਟਰੰਪ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਮ ਨੇ ਕਿਹਾ ਹੈ ਕਿ ਉਤਰੀ ਕੋਰੀਆ ਭਵਿੱਖ ਵਿਚ ਕਿਸੇ ਪ੍ਰਮਾਣੂ ਜਾਂ ਮਿਜ਼ਾਇਲ ਪ੍ਰੀਖਣ ਤੋਂ ਪ੍ਰਹੇਜ਼ ਕਰੇਗਾ। ਉਹ ਸਮਝਦੇ ਹਨ ਕਿ ਉਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਹੋਣ ਵਾਲੀ ਸਾਂਝੀ ਫ਼ੌਜ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਜਿੰਨੀ ਜਲਦੀ ਸੰਭਵ ਹੋ ਸਕੇ ਟਰੰਪ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ। ਚੁੰਗ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਉਹ ਮਈ ਤਕ ਕਿਮ ਜੋਂਗ ਉਨ ਨਾਲ ਮਿਲ ਕੇ ਸਥਾਈ ਪ੍ਰਮਾਣੂ ਨਿਸ਼ਸਤਰੀਕਰਣ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਟਰੰਪ ਦੇ ਨਾਲ-ਨਾਲ ਅਸੀਂ ਵੀ ਸ਼ਾਂਤੀਪੂਰਣ ਹੱਲ ਲਈ ਰਣਨੀਤਕ ਪ੍ਰਕਿਰਿਆ ਜਾਰੀ ਰੱਖਣ ਨੂੰ ਲੈ ਕੇ ਆਸਵੰਦ ਹਾਂ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਅਸੀਂ ਉਤਰੀ ਕੋਰੀਆ ਦੇ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਉਤਸ਼ਾਹਤ ਹਾਂ। ਇਸ ਦੌਰਾਨ ਸਾਰੀਆਂ ਰੋਕਾਂ ਅਤੇ ਵਧੇਰੇ ਦਬਾਅ ਜਾਰੀ ਰਹਿਣੇ ਚਾਹੀਦੇ ਹਨ। ਪ੍ਰਸ਼ਾਸਨ ਦੇ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਟਰੰਪ ਅਤੇ ਕੋਰੀਆਈ ਨੇਤਾ ਦੀ ਅਗਲਸੇ ਕੁੱਝ ਮਹੀਨਿਆਂ ਵਿਚ ਮੁਲਾਕਾਤ ਹੋ ਸਕਦੀ ਹੈ।      (ਪੀ.ਟੀ.ਆਈ)