ਮਾਡਲ ਨੇ ਝੂਠ ਬੋਲ ਕੇ ਵੱਡੇ ਸਰਕਾਰੀ ਅਹੁਦੇ ਕੀਤੇ ਹਾਸਲ

ਖ਼ਬਰਾਂ, ਕੌਮਾਂਤਰੀ

ਲੰਦਨ, 15 ਅਕਤੂਬਰ (ਹਰਜੀਤ ਸਿੰਘ ਵਿਰਕ) : 2005 'ਚ ਲੰਦਨ ਮੈਟਰੋ ਸਟੇਸ਼ਨ 'ਚ ਧਮਾਕਿਆਂ ਦੀ ਸਾਜ਼ਿਸ਼ ਲਈ ਜੇਲ ਦੀ ਸਜ਼ਾ ਕੱਟ ਚੁਕੀ ਇਕ ਮਹਿਲਾ ਨੇ ਸਰਕਾਰੀ ਕਮੀਆਂ ਦਾ ਫ਼ਾਇਦਾ ਲੈਂਦੇ ਹੋਏ ਸਾਲਾਂ ਤਕ ਝੂਠ ਬੋਲ ਕੇ ਵੱਡੇ ਸਰਕਾਰੀ ਅਹੁਦੇ ਹਾਸਲ ਕੀਤੇ।

ਮੂਲ ਤੌਰ 'ਤੇ ਇਥੋਪੀਆ ਦੀ ਰਹਿਣ ਵਾਲੀ ਮੁਲੁਮੇਬੇਟ ਗਿਰਮਾ ਨੂੰ 2008 ਵਿਚ ਇਕ ਆਤਮਘਾਤੀ ਹਮਲਾਵਰ ਦੀ ਮਦਦ ਕਰਨ ਅਤੇ ਮੌਕੇ ਤੋਂ ਭੱਜਣ ਲਈ 10 ਸਾਲ ਦੀ ਸਜ਼ਾ ਹੋਈ ਸੀ। ਪਰ ਜੇਲ ਤੋਂ ਰਿਹਾਅ ਹੋਣ ਮਰਗੋਂ ਗਿਰਮਾ ਨੇ ਝੂਠ ਬੋਲ ਕੇ ਸਰਕਾਰੀ ਨੌਕਰੀ ਪਾ ਲਈ। ਇੰਨਾ ਹੀ ਨਹੀਂ ਇਸ ਦੌਰਾਨ ਗਿਰਮਾ ਨੂੰ ਕੌਂਸਲ ਦੇ ਉੱਚੇ ਅਹੁਦੇ ਤਕ ਪ੍ਰਮੋਟ ਕਰ ਦਿਤੀ ਗਿਆ ਸੀ।

ਲੰਦਨ ਦੀ ਅਦਾਲਤ ਨੇ 2008 'ਚ ਗਿਰਮਾ ਨੂੰ ਲੰਦਨ ਦੇ ਮੈਟਰੋ ਟਿਊਬ ਸਟੇਸ਼ਨ ਨੂੰ ਉਡਾਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਆਤਮਘਾਤੀ ਹਮਲਾਵਰ ਹੁਸੈਨ ਉਸਮਾਨ ਨੂੰ ਭਜਾਉਣ ਦੇ ਦੋਸ਼ ਵਿਚ ਦੋਸ਼ੀ ਮੰਨਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਸੀ।

ਸਜ਼ਾ ਮਿਲਣ ਤੋਂ ਬਾਅਦ ਗਿਰਮਾ ਨੇ ਕੋਰਟ ਤੋਂ ਖੁਦ ਨੂੰ ਛੱਡਣ ਦੀ ਅਪੀਲ ਵੀ ਕੀਤੀ, ਜਿਸ ਤੋਂ ਬਾਅਦ 2013 'ਚ ਉਸ ਨੂੰ ਆਜ਼ਾਦ ਕਰ ਦਿਤਾ ਗਿਆ ਸੀ। ਜੇਲ ਜਾਣ ਤੋਂ ਪਹਿਲਾਂ ਗਿਰਮਾ ਇਕ ਮਾਡਲ ਦੇ ਤੌਰ 'ਤੇ ਸਫਲ ਕਰੀਅਰ ਬਣਾ ਚੁਕੀ ਸੀ ਪਰ ਗਿਰਮਾ ਨੇ ਅਪਣਾ ਅਪਰਾਧਕ ਰੀਕਾਰਡ ਲੁਕਾਉਂਦੇ ਹੋਏ ਸਾਊਥ ਲੰਦਨ ਦੇ ਵਰਕ ਬਰੋ ਕੌਂਸਲ 'ਚ ਨੌਕਰੀ ਸ਼ੁਰੂ ਕੀਤੀ।

ਕੌਂਸਲ 'ਚ ਨੌਕਰੀ ਦੀ ਸ਼ੁਰੂਆਤ ਤੋਂ ਬਾਅਦ ਗਿਰਮਾ ਤੇਜ਼ੀ ਨਾਲ ਉੱਚੇ ਅਹੁਦਿਆਂ 'ਤੇ ਪ੍ਰਮੋਟ ਹੁੰਦੀ ਗਈ। ਇਥੋਂ ਤਕ ਕਿ ਕੌਂਸਲ ਦੇ ਨਿਊਜਲੈਟਰ ਦੇ ਕਵਰ ਪੇਜ 'ਚ ਵੀ ਗਿਰਮਾ ਨੂੰ ਫੀਚਰ ਕੀਤਾ ਗਿਆ। ਗਿਰਮਾ ਨੂੰ ਡਿਪਟੀ ਅਹੁਦੇ ਤਕ ਦੀ ਪ੍ਰਮੋਸ਼ਨ ਮਿਲੀ ਸੀ। ਹਾਲਾਂਕਿ ਗਿਰਮਾ ਦਾ ਅਪਰਾਧਕ ਰੀਕਾਰਡ ਸਾਹਮਣੇ ਆਉਂਦੇ ਹੀ ਕੌਂਸਲ ਨੇ ਉਨ੍ਹਾਂ ਸਸਪੈਂਡ ਕਰਕੇ ਜਾਂਚ ਬਿਠਾ ਦਿਤੀ ਹੈ।