ਮੰਗਲ ਹਠੂਰ ਦੀ ਕਿਤਾਬ ਰੀਲੀਜ਼

ਖ਼ਬਰਾਂ, ਕੌਮਾਂਤਰੀ


ਮੈਲਬਰਨ, 18 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ) : ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਤੇ ਲੇਖਕ ਮੰਗਲ ਹਠੂਰ ਅੱਜ ਐਤਵਾਰ ਨੂੰ ਆਸਟ੍ਰੇਲੀਆ ਦੌਰੇ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਦਾ ਇਕ ਰੂਬਰੂ ਸਮਾਗਮ ਮੈਲਬਰਨ ਦੇ ਇਲਾਕੇ ਕਲਿਫਟਨ ਹਿੱਲ ਵਿਖੇ ਰਖਿਆ ਗਿਆ, ਜਿਥੇ ਉਨ੍ਹਾਂ ਨੇ ਅਪਣੀ ਗਿਆਰਵੀਂ ਕਿਤਾਬ 'ਅਪਣਾ ਪੰਜਾਬ ਭੁੱਲ ਜਾਇਉ ਨਾ' ਲੋਕ ਅਰਪਣ ਕੀਤੀ। ਇਸ ਮੌਕੇ ਮੰਗਲ ਹਠੂਰ ਨੇ ਅਪਣੀਆਂ ਰਚਨਾਵਾਂ ਵੀ ਸਰੋਤਿਆਂ ਦੇ ਰੂਬਰੂ ਕੀਤੀਆਂ। ਮੰਗਲ ਨੇ ਕਿਹਾ ਕਿ ਨਵੇਂ ਗੀਤਕਾਰਾਂ ਅਤੇ ਗਾਇਕਾਂ ਨੂੰ ਅੱਜ ਦੀ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਲੇ ਗੀਤ ਲਿਖਣੇ ਅਤੇ ਗਾਉਣੇ ਚਾਹੀਦੇ ਹਨ। ਮੰਗਲ ਹਠੂਰ ਅਨੁਸਾਰ ਹਰੇਕ ਪੰਜਾਬੀ ਨੂੰ ਅਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਅਪਣੇ ਘਰ ਕਿਤਾਬਾਂ ਜਰੂਰ ਰੱਖਣੀਆਂ ਚਾਹੀਦੀਆਂ ਹਨ। ਇਸ ਮੌਕੇ ਮੈਲਬੋਰਨ ਦੇ ਸਥਾਨਕ ਗਾਇਕ ਜੱਗੀ ਜਗਜੀਤ, ਗੀਤਕਾਰ ਇੰਦਰਜੀਤ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਗੀਤਕਾਰ ਸ਼ੇਰਗਿੱਲ ਸੀਕਰੀ, ਜਗਦੀਪ ਸਿੰਘ, ਸੰਦੀਪ ਬਰਾੜ, ਗੁਲਸ਼ਨ ਕੁਮਾਰ, ਗੁਰੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।