ਮੈਕਸੀਕੋ ਸਿਟੀ, 9 ਸਤੰਬਰ :
ਮੈਕਸੀਕੋ 'ਚ 8.2 ਤੀਬਰਤਾ ਦੇ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ 61 ਲੋਕਾਂ ਦੀ ਮੌਤ ਹੋ ਗਈ
ਅਤੇ 250 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦਰਜਨਾਂ ਮਕਾਨ ਮਲਬੇ 'ਚ ਤਬਦੀਲ ਹੋ ਗਏ। ਸਹਿਮੇ
ਲੋਕ ਪਾਰਕਾਂ ਜਾਂ ਫਿਰ ਸੜਕਾਂ 'ਤੇ ਰਾਤ ਬਿਤਾਉਣ ਲਈ ਮਜਬੂਰ ਹਨ। ਓਕਸਾਕਾ ਅਤੇ ਚਿਆਪਾਸ
ਸੂਬੇ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਮੈਕਸੀਕੋ ਦੇ ਪਿਛਲੇ 100 ਸਾਲ ਦੇ ਇਤਿਹਾਸ 'ਚ
ਇਹ ਸੱਭ ਤੋਂ ਭਿਆਨਕ ਮੰਨਿਆ ਜਾ ਰਿਹਾ ਹੈ।
ਅਮਰੀਕੀ ਭੂ-ਸਰਵੇਖਣ ਵਿਭਾਗ ਦੇ ਅਨੁਸਾਰ
ਇਹ ਭੂਚਾਲ 1985 ਵਿਚ ਮੈਕਸੀਕੋ ਦੇ ਤਟੀ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਉਣ ਵਾਲੇ ਭੂਚਾਲ
ਤੋਂ ਜ਼ਿਆਦਾ ਜ਼ੋਰਦਾਰ ਸੀ, ਪਰ ਹੁਣ ਤਕ ਮਿਲੀ ਰਿਪੋਰਟ ਅਨੁਸਾਰ ਇਸ ਤੋਂ ਟਾਕਰੇ 'ਤੇ ਉਨਾਂ
ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਇਸ ਦਾ ਕੇਂਦਰ ਜ਼ਿਆਦਾ ਡੁੰਘਾਈ ਵਿਚ ਸੀ। ਮੈਕਸੀਕੋ ਦੇ
ਫ਼ੈਡਰਲ ਅਤੇ ਰਾਜ ਅਧਿਕਾਰੀਆਂ ਅਨੁਸਾਰ ਓਕਸਾਕਾ ਵਿਚ ਭੂਚਾਲ ਨਾਲ 45 ਲੋਕਾਂ ਦੀ ਮੌਤ ਹੋ
ਗਈ ਜਿਨ੍ਹਾਂ 'ਚੋਂ ਕਈ ਮੌਤਾਂ ਇਕ ਹੀ ਸ਼ਹਿਰ ਜੁਸ਼ਿਤਾਨ ਵਿਚ ਹੋਈਆਂ ਹਨ। ਚਿਆਪਾਸ ਵਿਚ 12
ਲੋਕਾਂ ਦੀ ਮੌਤ ਹੋਈ ਅਤੇ ਤਾਬਾਸਕੋ ਵਿਚ ਲੋਕਾਂ ਦੀ ਮੌਤ ਹੋਈ ਹੈ।
ਜੁਸ਼ੀਤਾਨ ਦੇ ਮੇਅਰ ਗਲੋਰੀਆ ਸਾਂਚੇਜ ਨੇ ਦਸਿਆ ਕਿਜੁਸ਼ੀਤਾਨ ਵਿਚ ਸਥਿਤੀ ਗੰਭੀਰ ਹੈ। ਇਹ ਇਸ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਹੈ।
ਪ੍ਰਸ਼ਾਂਤ
ਮਹਾਸਾਗਰ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਮੈਕਸੀਕੋ ਵਿਚ ਸਨਿਚਰਵਾਰ ਨੂੰ ਲਗਭਗ
2.3 ਫੁੱਟ ਉੱਚੀ ਸਮੁੰਦਰੀ ਲਹਿਰਾਂ ਉਠ ਰਹੀਆਂ ਹਨ। ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ
ਕੁਝ ਤਟੀ ਇਲਾਕੀਆਂ ਨੂੰ ਖ਼ਾਲੀ ਕਰਾਇਆ ਹੈ। ਭੂਚਾਲ ਦਾ ਕੇਂਦਰ ਪਿਜਿਜਾਪਨ 'ਚ ਸੀ।
(ਪੀਟੀਆਈ)