ਮੈਲਬੋਰਨ 'ਚ ਦਸਤਾਰ ਦਿਵਸ ਮਨਾਇਆ

ਖ਼ਬਰਾਂ, ਕੌਮਾਂਤਰੀ

ਮੈਲਬੋਰਨ, 1 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ): ਇਕ ਪਾਸੇ ਜਿਥੇ ਆਸਟ੍ਰੇਲੀਆ ਵਿਚ ਰਹਿੰਦੇ ਸਿੱਖਾਂ ਨੂੰ ਇਥੋਂ ਦੇ ਸਥਾਨਕ ਲੋਕਾਂ ਨੂੰ ਅਪਣੀ ਪਛਾਣ ਤੋਂ ਜਾਣੂ ਕਰਵਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਗੁਰੱਪ ਤੇ ਟਰਬਨਸ ਫ਼ਾਰ ਆਸਟ੍ਰੇਲੀਆ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਦਸਤਾਰ ਦਿਵਸ ਮਨਾਇਆ ਗਿਆ।
ਮੈਲਬੋਰਨ ਸ਼ਹਿਰ 'ਚ ਮਨਾਏ ਗਏ ਇਸ ਦਿਵਸ ਦੌਰਾਨ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਗੋਰੇ ਵੀ ਸ਼ਾਮਲ ਸਨ। ਇਸ ਮੌਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਅੰਗਰੇਜ਼ੀ ਭਾਸ਼ਾ ਵਿਚ ਛਾਪੇ ਗਏ ਕਿਤਾਬਚੇ ਵੀ ਲੋਕਾਂ ਵਿਚ ਵੰਡੇ ਗਏ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਵੀ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ।
ਇਸ ਮੌਕੇ ਵਿਕਰਮਜੀਤ ਸਿੰਘ ਲਹਿਲ, ਅਮਰ ਸਿੰਘ, ਪਰਵਿੰਦਰਜੀਤ ਸਿੰਘ, ਬਲਜੀਤ ਕੌਰ ਤੇ ਪੰਮੀ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਆਸਟ੍ਰੇਲੀਅਨ ਲੋਕਾਂ ਨੂੰ ਸਿੱਖ ਇਤਿਹਾਸ ਤੇ ਧਰਮ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ ਤੇ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਾਰਲੇ ਕਰਦੇ ਰਹਿਣਗੇ।