ਮਲਬੇ 'ਚ ਦਬੇ ਲੋਕਾਂ ਦੀ ਤਲਾਸ਼ ਤੀਜੇ ਦਿਨ ਵੀ ਜਾਰੀ

ਖ਼ਬਰਾਂ, ਕੌਮਾਂਤਰੀ

ਮੈਕਸੀਕੋ ਸਿਟੀ, 22 ਸਤੰਬਰ: ਮੈਕਸੀਕੋ ਵਿਚ ਭਿਆਨਕ ਭੂਚਾਲ ਕਾਰਨ ਹਾਦਸਾਗ੍ਰਸਤ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਦਬੇ ਹੋਏ ਲੋਕਾਂ ਦੀ ਤਲਾਸ਼ ਅੱਜ ਤੀਜੇ ਦਿਨ ਵੀ ਜਾਰੀ ਹੈ । ਹਾਲਾਂਕਿ ਸਮਾਂ ਲੰਘਣ ਨਾਲ ਹੀ, ਮਲਬੇ ਵਿਚ ਦਬੇ ਲੋਕਾਂ ਦੇ ਜਿੰਦਾ ਬਚੇ ਹੋਣ ਦੀਆਂ ਉਮੀਦਾਂ ਵੀ ਘੱਟ ਹੁੰਦੀਆਂ ਜਾ ਰਹੀਆਂ ਹਨ ।
ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਨੂੰ ਇਥੇ ਆਏ 7.1 ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 272 ਪਹੁੰਚ ਗਈ ਹੈ। ਇਹ ਗਿਣਤੀ ਹੋਰ ਵਧਣ ਦਾ ਸ਼ੱਕ ਹੈ । ਰਾਜਧਾਨੀ ਅਤੇ ਹੋਰ ਕੇਂਦਰੀ ਸੂਬਿਆਂ ਵਿਚ ਹਾਦਸਾਗ੍ਰਸਤ ਹੋਈਆਂ ਦਰਜਨਾਂ ਇਮਾਰਤਾਂ ਵਿਚ ਟਨਾਂ ਮਲਬੇ ਨੂੰ ਹਟਾਉਣ ਵਿਚ ਜੁਟੇ ਬਚਾਅ ਕਰਮਚਾਰੀ ਬੁਰੀ ਤਰ੍ਹਾਂ ਥੱਕ ਚੁਕੇ ਹਨ। ਇਹ ਲੋਕ ਮੰਗਲਵਾਰ ਨੂੰ ਭੂਚਾਲ ਆਉਣ ਤੋਂ ਬਾਅਦ ਤੋਂ ਹੀ ਮਲਬਾ ਹਟਾਉਣ ਅਤੇ ਲੋਕਾਂ ਨੂੰ ਬਾਹਰ ਕਢਣ ਵਿਚ ਲੱਗੇ ਹੋਏ ਹਨ । ਮਾਹਰਾ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿਚ ਜਿੰਦਾ ਬਚਨ ਲਈ ਔਸਤ ਸਮਾਂ 72 ਘੰਟੇ ਹੁੰਦਾ ਹੈ ਅਤੇ ਉਹ ਵੀ ਸੱਟਾਂ 'ਤੇ ਨਿਰਭਰ ਕਰਦਾ ਹੈ । ਮੈਕਸੀਕੋ ਸਿਟੀ ਵਿਚ ਅਜੇ ਵੀ ਕਰੀਬ 200 ਲੋਕ ਲਾਪਤਾ ਦਸੇ ਜਾ ਰਹੇ ਹਨ । ਸ਼ੱਕ ਹੈ ਕਿ ਇਹ ਲੋਕ ਮਲਬੇ ਵਿਚ ਦਬੇ ਹੋਏ ਹਨ ।
ਰੋਮਾ ਦੇ ਗੁਆਂਢ ਵਿਚ ਬਚਾਅ ਕਰਮਚਾਰੀ ਹਾਦਸਾਗ੍ਰਸਤ ਹੋਈ 7 ਮੰਜ਼ਲਾ ਇਮਾਰਤ ਦੇ ਮਲਬੇ ਵਿਚ 23 ਲੋਕਾਂ ਦਾ ਪਤਾ ਲਗਾਉਣ ਵਿਚ ਲੱਗੇ ਹੋਏ ਹਨ ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਮਲਬੇ ਵਿਚ ਦਬੇ ਹੋਏ ਹਨ । ਬਚਾਅ ਦਲ ਮਲਬੇ ਵਿਚੋਂ 28 ਲੋਕਾਂ ਨੂੰ ਬਚਾ ਚੁਕੇ ਹਨ ।  ਹਾਲਾਂਕਿ ਅਜੇ ਤਕ ਇਥੇ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ । ਲਾਪਤਾ ਲੋਕਾਂ ਦੇ ਰਿਸ਼ਤੇਦਾਰ ਕਾਫ਼ੀ ਤਕਲੀਫ਼ ਤੋਂ ਲੰਘ ਰਹੇ ਹਨ ਅਤੇ ਅਪਣਿਆਂ ਨਾਲ ਜੁੜੀ ਕਿਸੇ ਵੀ ਖ਼ਬਰ ਦਾ ਇੰਤਜ਼ਾਰ ਕਰ ਰਹੇ ਹਨ। (ਪੀ.ਟੀ.ਆਈ)