ਮਾਲਦੀਵ 'ਚ ਐਮਰਜੈਂਸੀ ਲੱਗੀ, ਦੇਸ਼ ਦੇ ਮੁੱਖ ਜੱਜ ਸਮੇਤ ਕਈ ਗ੍ਰਿਫ਼ਤਾਰ

ਖ਼ਬਰਾਂ, ਕੌਮਾਂਤਰੀ

ਮਾਲੇ, 6 ਫ਼ਰਵਰੀ : ਮਾਲਦੀਵ ਦੇ ਸਿਆਸੀ ਸੰਕਟ ਕਾਰਨ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਦੇਸ਼ 'ਚ ਐਮਰਜੈਂਸੀ ਲਗਾ ਦਿਤੀ ਹੈ। ਇਸ ਮਗਰੋਂ ਫ਼ੌਜ ਨੇ ਸਾਬਕਾ ਰਾਸ਼ਟਰਪਤੀ ਮੌਮੂਨ ਅਬਦੁਲ ਗਯੂਮ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਅਲੀ ਹਾਮਿਦ ਸਮੇਤ ਕਈ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ੌਜ ਨੂੰ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿਤੇ ਗਏ ਹਨ। ਦੂਜੇ ਪਾਸੇ, ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ 'ਚ ਜਾਰੀ ਸਿਆਸੀ ਸੰਕਟ ਨਾਲ ਨਜਿੱਠਣ ਲਈ ਭਾਰਤ ਕੋਲੋਂ ਮਦਦ ਮੰਗੀ ਹੈ। ਨਸ਼ੀਦ ਨੇ ਅਪੀਲ ਕੀਤੀ ਹੈ ਕਿ ਭਾਰਤ ਇਸ ਮਾਮਲੇ ਨੂੰ ਸੁਲਝਾਉਣ ਲਈ ਦੇਸ਼ 'ਚ ਸਿਆਸੀ ਅਤੇ ਫ਼ੌਜੀ ਦਖ਼ਲ ਦੇਵੇ। ਇਸੇ ਦੌਰਾਨ ਭਾਰਤ ਨੇ ਮਾਲਦੀਪ ਸੰਕਟ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਰਾਸ਼ਟਪਤੀ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦਾ ਮਾਣ ਕਰਨ। ਦੇਸ਼ 'ਚ 15 ਦਿਨ ਦੀ ਐਮਰਜੈਂਸੀ ਲਗਾਈ ਗਈ ਹੈ। ਫ਼ੌਜ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਰਹੀ ਹੈ। ਨਾਗਰਿਕਾਂ ਦੇ ਸਾਰੇ ਅਧਿਕਾਰ ਰੱਦ ਕਰ ਦਿਤੇ ਗਏ ਹਨ। ਫ਼ੌਜ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਧਰ, ਮਾਲਦੀਵ ਦੇ ਮੁੱਖ ਜੱਜ ਅਲੀ ਹਾਮਿਦ ਅਤੇ ਨਿਆਂ ਪ੍ਰਣਾਲੀ ਨਾਲ ਸਬੰਧਤ ਕੁੱਝ ਹੋਰ ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।