ਮਲੇਸ਼ੀਆ 'ਚ ਦੋ ਭਾਰਤੀ ਨੌਜਵਾਨਾਂ 'ਤੇ ਹਮਲਾ, ਭਾਦਸੋਂ ਦਾ ਬੌਬੀ ਹਲਾਕ

ਖ਼ਬਰਾਂ, ਕੌਮਾਂਤਰੀ

ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਦੇ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਘਟਨਾ ਮਲੇਸ਼ੀਆ ਵਿੱਚ ਵਾਪਰੀ ਜਿੱਥੇ ਨਾਭਾ ਨੇੜਲੇ ਭਾਦਸੋਂ ਸ਼ਹਿਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਬੌਬੀ (28) ਦਾ ਬੀਤੇ ਸ਼ਨੀਵਾਰ ਕਤਲ ਕਰ ਦਿੱਤਾ ਗਿਆ। ਉਹ 2014 ਵਿੱਚ ਮਲੇਸ਼ੀਆ ਗਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਸ਼ਾਮ ਗੁਰਜੀਤ ਸਿੰਘ ਆਪਣੇ ਕੰਮ ‘ਤੇ ਜਾ ਰਿਹਾ ਸੀ ਜਿਸ ‘ਤੇ ਰਸਤੇ ਵਿੱਚ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਉਹ ਇੱਕ ਹਾਰਡਵੇਅਰ ਕੰਪਨੀ ਵਿੱਚ ਨੌਕਰੀ ਕਰਦਾ ਸੀ। ਬੀਤੇ ਸ਼ਨੀਵਾਰ ਸ਼ਾਮ ਕਰੀਬ ਸੱਤ ਵਜੇ ਕੰਮ ‘ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੌਬੀ ਦੇ ਸਾਥੀ ਨੌਜਵਾਨਾਂ ਤੋਂ ਪਤਾ ਇਸ ਘਟਨਾ ਬਾਰੇ ਪਤਾ ਲੱਗਾ। ਉਸ ਦੇ ਸਾਥੀਆਂ ਨੇ ਦੱਸਿਆ ਕਿ ਗੁਰਜੀਤ ਦੇ ਨਾਲ ਹਰਿਆਣਾ ਦਾ ਇੱਕ ਨੌਜਵਾਨ ਵਿਕਾਸ ਵੀ ਸੀ, ਜਿਸ ‘ਤੇ ਵੀ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੌਜਵਾਨਾਂ ਮੁਤਾਬਕ ਉਸ ਦੀ ਵੀ ਮੌਤ ਹੋ ਚੁੱਕੀ ਹੈ ਪਰ ਹਾਲੇ ਤਕ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਜਾਣਕਾਰੀ ਮੁਤਾਬਕ ਮਲੇਸ਼ੀਆ ਦੇ ਕੁਆਲਾਲਾਂਪੁਰ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਛੇਤੀ ਭਾਰਤ ਮੰਗਵਾਇਆ ਜਾਵੇ।

ਜ਼ਿਕਰਯੋਗ ਹੈ ਕਿ ਭਾਦਸੋਂ ਤੋਂ ਤਿੰਨ ਕੁ ਕਿਲੋਮੀਟਰ ਦੂਰੀ ਪਿੰਡ ਦਿੱਤੂਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਵੀ ਕੁਝ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਗੋਲੀ ਮਾਰ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ।