ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਜਲ-ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਨੇ ਸੋਮਵਾਰ ਨੂੰ ਇਸਲਾਮਾਬਾਦ ਵਿਚ ਜਾਧਵ ਨਾਲ ਮੁਲਾਕਾਤ ਕੀਤੀ ਪਰ ਇਸ ਮੁਲਾਕਾਤ 'ਤੇ ਪਾਕਿਸਤਾਨ ਦਾ ਜੋ ਰਵੱਈਆਂ ਦਿਸਿਆ ਉਹ ਕਾਫੀ ਹੈਰਾਨੀ ਭਰਿਆ ਅਤੇ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲਾ ਸੀ।
ਜਾਧਵ ਨਾਲ ਉਨ੍ਹਾਂ ਦੀ ਪਤਨੀ ਅਤੇ ਮਾਂ ਦੀ ਮੁਲਾਕਾਤ ਇਕ ਬੰਦ ਕਮਰੇ ਵਿਚ ਕਰਾਈ ਗਈ ਅਤੇ ਵਿਚਕਾਰ ਸ਼ੀਸ਼ੇ ਦੀ ਕੰਧ ਬਣਾਈ ਹੋਈ ਸੀ। ਜਾਧਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕ-ਦੂਜੇ ਨੂੰ ਛੂਹ ਵੀ ਨਾ ਸਕੇ ਅਤੇ ਨਾ ਹੀ ਸਿੱਧੀ ਗੱਲ ਕਰ ਸਕੇ। ਗੱਲਬਾਤ ਲਈ ਇਕ ਫੋਨ ਦਾ ਇਸਤੇਮਾਲ ਕੀਤਾ ਗਿਆ ਅਤੇ ਕਈ ਕੈਮਰਿਆਂ ਦੀ ਨਿਗਰਾਨੀ ਵਿਚ ਪੂਰੀ ਮੁਲਾਕਾਤ ਹੋਈ।
ਮੁਲਾਕਾਤ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ ਵਿਚ ਸਾਫ ਹੈ ਕਿ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ ਸਨ। ਮੁਲਾਕਾਤ ਤੋਂ ਪਹਿਲਾਂ ਦੀ ਤਸਵੀਰ ਵਿਚ ਮਾਂ ਨੇ ਚਿੱਟੇ ਰੰਗ ਦੀ ਸਾੜੀ ਪਾਈ ਹੋਈ ਸੀ ਅਤੇ ਇਕ ਸ਼ਾਲ ਲਿਆ ਹੋਇਆ ਹੈ, ਜਦੋਂ ਕਿ ਪਤਨੀ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੀ ਇਕ ਸ਼ਾਲ ਲਈ ਹੋਈ ਸੀ।
ਮੁਲਾਕਾਤ ਤੋਂ ਬਾਅਦ ਵੀ ਦੋਵੇਂ ਇਨ੍ਹਾਂ ਕੱਪੜਿਆਂ ਵਿਚ ਹੀ ਨਜ਼ਰ ਆਏ ਪਰ ਬੰਦ ਕਮਰੇ ਵਿਚ ਮੁਲਾਕਾਤ ਦੌਰਾਨ ਦੋਵਾਂ ਨੇ ਕੱਪੜੇ ਹੋਰ ਪਾਏ ਹੋਏ ਸਨ।ਮੁਲਾਕਾਤ ਦੌਰਾਨ ਵਿਚਕਾਰ ਸ਼ੀਸ਼ੇ ਦੀ ਕੰਧ ਦੇ ਸਵਾਲ 'ਤੇ ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਫੈਜ਼ਲ ਵੱਲੋਂ ਦਲੀਲ ਦਿੱਤੀ ਗਈ ਕਿ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸੁਰੱਖਿਆ ਕਾਰਨਾ ਦੇ ਚਲਦੇ ਮੁਲਾਕਾਤ ਦੌਰਾਨ ਵਿਚਕਾਰ ਸ਼ੀਸ਼ੇ ਦੀ ਕੰਧ ਹੋਵੇਗੀ।
ਉਥੇ ਹੀ ਜਾਧਵ ਨੂੰ ਕਾਉਂਸਲਰ ਐਕਸੈਸ ਦੇ ਸਵਾਲ 'ਤੇ ਫੈਜ਼ਲ ਨੇ ਕਿਹਾ ਕਿ ਇਹ ਕਾਉਂਸਲਰ ਐਕਸੈਸ ਨਹੀਂ ਸੀ। ਇਹ ਸਿਰਫ 30 ਮਿੰਟ ਦੀ ਮੁਲਾਕਾਤ ਸੀ, ਜਿਸ ਨੂੰ ਜਾਧਵ ਦੇ ਕਹਿਣ 'ਤੇ 10 ਮਿੰਟ ਹੋਰ ਵਧਾਇਆ ਗਿਆ ਸੀ।