ਮਨਮੀਤ ਦੇ ਪਿੰਡ 'ਚ ਦੁੱਖ ਵੰਡਾਉਣ ਪਹੁੰਚੀ ਬ੍ਰਿਸਬੇਨ ਦੀ ਮੇਅਰ ਏਂਜਲਾ

ਖ਼ਬਰਾਂ, ਕੌਮਾਂਤਰੀ

ਸੰਗਰੂਰ: ਆਸਟ੍ਰੇਲੀਆ ਦੇ ਖੌਫਨਾਕ ਨਸਲੀ ਹਮਲਿਆਂ ‘ਚੋਂ ਇੱਕ ਮਨਮੀਤ ਅਲੀਸ਼ੇਰ ਕਤਲ ਮਾਮਲੇ ਦੇ ਸਵਾ ਸਾਲ ਬੀਤ ਜਾਣ ਬਾਅਦ ਅੱਜ ਬ੍ਰਿਸਬੇਨ ਦੀ ਮੇਅਰ ਏਂਜਲਾ ਓਵਨ ਉਸ ਦੇ ਜੱਦੀ ਪਿੰਡ ਪਹੁੰਚੀ। ਉਨ੍ਹਾਂ ਇੱਥੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਹੋਰਾਂ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਵਾਅਦਾ ਵੀ ਕੀਤਾ।

ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਵਿੱਚ ਬ੍ਰਿਸਬੇਨ ਦੀ ਮੇਅਰ ਦੇ ਨਾਲ-ਨਾਲ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਅਗਵਾਈ ਕਰਦੀ ਗੁਰਪ੍ਰੀਤ ਪਿੰਕੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਪਹੁੰਚੇ।ਏਂਜਲਾ ਓਵਨ ਨੇ ਮਨਮੀਤ ਦੇ ਕਤਲ ਬਾਰੇ ਕੋਈ ਟਿੱਪਣੀ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਮਾਮਲਾ ਆਸਟ੍ਰੇਲੀਆ ਅਦਾਲਤ ਵਿੱਚ ਵਿਚਾਰ ਅਧੀਨ ਹੈ। 

ਹਾਲਾਂਕਿ ਏਂਜਲਾ ਨੇ ਇਹ ਜ਼ਰੂਰ ਕਿਹਾ ਕਿ ਬ੍ਰਿਸਬੇਨ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰ ਦਿੱਤੀ ਗਈ ਹੈ ਤੇ ਮਨਮੀਤ ਦੇ ਕਤਲ ਤੋਂ ਬਾਅਦ ਇਸ ਵਿੱਚ ਹੋਰ ਵਾਧਾ ਕੀਤਾ ਗਿਆ ਹੈ।ਗੁਰਪ੍ਰੀਤ ਪਿੰਕੀ ਨੇ ਕਿਹਾ ਕਿ ਮਨਮੀਤ ਦੀ ਯਾਦ ਵਿੱਚ ਬ੍ਰਿਸਬੇਨ ਵਿੱਚ ਇੱਕ ਪਾਰਕ ਸਥਾਪਤ ਕੀਤਾ ਗਿਆ ਹੈ। 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਆਸਟ੍ਰੇਲੀਆ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਲਈ ਮੇਅਰ ਨਾਲ ਵੀ ਗੱਲ ਕਰਨਗੇ ਤੇ ਉੱਥੋਂ ਦੀ ਸਰਕਾਰ ਨੂੰ ਪੱਤਰ ਵੀ ਲਿਖਣਗੇ।28 ਅਕਤੂਬਰ 2016 ਨੂੰ ਮਨਮੀਤ ਅਲੀਸ਼ੇਰ ਨੂੰ ਆਸਟ੍ਰੇਲੀਆ ਦੇ ਮੂਲ ਨਿਵਾਸੀ ਨੇ ਨਸਲੀ ਹਮਲਾ ਕਰਦਿਆਂ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। 

ਜਿਸ ਸਮੇਂ ਇਹ ਘਟਨਾ ਵਾਪਰੀ ਉਦੋਂ ਮਨਮੀਤ ਬੱਸ ਵਿੱਚੋਂ ਸਵਾਰੀਆਂ ਉਤਾਰ ਰਿਹਾ ਸੀ। ਇਸ ਤੋਂ ਬਾਅਦ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਆਸਟ੍ਰੇਲੀਆ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ।