ਮੌਜ਼ੰਬਿਕ 'ਚ ਕੂੜੇ ਦਾ ਢੇਰ ਢਹਿਣ ਕਾਰਨ 17 ਮੌਤਾਂ

ਖ਼ਬਰਾਂ, ਕੌਮਾਂਤਰੀ

ਮੌਜ਼ੰਬਿਕ ਦੀ ਰਾਜਧਾਨੀ ਮਾਪੁਤੋ 'ਚ ਭਾਰੀ ਮੀਂਹ ਕਾਰਨ ਕੂੜੇ ਦੇ ਵੱਡੇ ਢੇਰ ਦਾ ਇਕ ਹਿੱਸਾ ਢਹਿ ਗਿਆ ਅਤੇ ਇਸ ਹੇਠ ਦੱਬ ਕੇ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਾਹਰੀ ਇਲਾਕੇ 'ਚ ਸਥਿਤ ਹੁਲੇਨੇ ਲੈਡਫਿਲ ਸਾਈਟ ਦੇ ਮਲਬੇ 'ਚ ਹੋਰ ਲੋਕ ਦੱਬੇ ਹੋ ਸਕਦੇ ਹਨ। ਪੁਰਤਗਾਲੀ ਸਮਾਚਾਰ ਏਜੰਸੀ 'ਲੁਸਾ' ਦੀ ਖ਼ਬਰ ਮੁਤਾਬਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਪਿਛੜੇ ਇਲਾਕੇ 'ਚ ਸਥਿਤ ਇਸ ਸਾਈਟ 'ਤੇ ਕੂੜੇ ਦਾ ਤਿੰਨ ਮੰਜ਼ਲੀ ਇਮਾਰਤ ਦੀ ਉੱਚਾਈ ਬਰਾਬਰ ਸੀ।

 ਲੁਸਾ ਅਤੇ ਰੇਡੀਓ ਮੋਜਾਂਬਿਕ ਦੋਹਾਂ ਨੇ 17 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿਤੀ ਹੈ। ਕੂੜੇ ਦੇ ਢੇਰ ਦੇ ਢਹਿਣ ਕਾਰਨ ਅੱਧਾ ਦਰਜਨ ਘਰ ਤਬਾਹ ਹੋ ਗਏ ਅਤੇ ਇਸ ਤਰ੍ਹਾਂ ਦੇ ਦੂਜੇ ਹਾਦਸਿਆਂ ਦੇ ਡਰ ਕਾਰਨ ਕੁੱਝ ਲੋਕ ਇਲਾਕੇ 'ਚ ਸਥਿਤ ਅਪਣੇ ਘਰ ਛੱਡ ਕੇ ਚਲੇ ਗਏ ਹਨ। ਕੌਮੀ ਆਪਦਾ ਅਧਿਕਾਰੀ ਫ਼ਾਤਿਮਾ ਬੇਲਚਾਓਰ ਨੇ ਕਿਹਾ, ''ਕੂੜੇ ਦਾ ਢੇਰ ਢਹਿ ਕੇ ਕਈ ਘਰਾਂ 'ਤੇ ਡਿੱਗ ਗਿਆ ਅਤੇ ਉਨ੍ਹਾਂ ਘਰਾਂ 'ਚ ਕਈ ਪਰਵਾਰ ਰਹਿ ਰਹੇ ਸਨ।''  (ਪੀਟੀਆਈ)