ਮਿਆਂਮਾਰ-ਬੰਗਲਾਦੇਸ਼ 'ਚ ਰੋਹਿੰਗਿਆ ਮੁਸਲਮਾਨਾਂ ਬਾਰੇ ਹੋਇਆ ਸਮਝੌਤਾ

ਖ਼ਬਰਾਂ, ਕੌਮਾਂਤਰੀ

ਯਾਂਗੂਨ, 16 ਜਨਵਰੀ : ਮਿਆਂਮਾਰ ਅਤੇ ਬੰਗਲਾਦੇਸ਼ ਹਾਲ 'ਚ ਬੇਘਰ ਹੋਏ ਰੋਹਿੰਗਿਆ ਮੁਸਲਮਾਨਾਂ ਦੀ ਦੋ ਸਾਲ ਦੇ ਅੰਦਰ ਦੇਸ਼ ਵਾਪਸੀ 'ਤੇ ਸਹਿਮਤ ਹੋ ਗਏ ਹਨ। ਮਿਆਂਮਾਰ 'ਚ ਫ਼ੌਜ ਦੀ ਕਾਰਵਾਈ ਤੋਂ ਬਾਅਦ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ ਸਨ।ਬੰਗਲਾਦੇਸ਼ ਨੇ ਹਜ਼ਾਰਾਂ ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਲਈ ਸਪੱਸ਼ਟ ਸਮੇਂ ਸੀਮਾ ਦਾ ਜ਼ਿਕਰ ਕਰਦੇ ਹੋਏ ਇਹ ਜਾਣਕਾਰੀ ਦਿਤੀ। ਬੰਗਲਾਦੇਸ਼ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਇਸ ਸਮਝੌਤੇ 'ਤੇ ਮਿਆਂਮਾਰ ਦੀ ਰਾਜਧਾਨੀ ਨੇਪੀਡਾਊ ਵਿਚ ਇਸ ਹਫ਼ਤੇ ਸਹਿਮਤੀ ਬਣੀ। ਸਮਝੌਤੇ 'ਚ ਕਿਹਾ ਗਿਆ ਕਿ ਹਵਾਲਗੀ ਸ਼ੁਰੂ ਕਰਨ ਦੇ ਦੋ ਸਾਲ ਅੰਦਰ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।