ਮਿਆਂਮਾਰ 'ਚ ਮੋਦੀ ਦਾ ਸ਼ਾਨਦਾਰ ਸਵਾਗਤ

ਖ਼ਬਰਾਂ, ਕੌਮਾਂਤਰੀ

ਨਾਏ ਪੀ ਤਊ, 5 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਪਹਿਲੀ ਦੁਵੱਲੀ ਯਾਤਰਾ 'ਤੇ ਅੱਜ ਮਿਆਂਮਾਰ ਪੁੱਜ ਗਏ। ਪੁੱਜਣ ਤੋਂ ਥੋੜ੍ਹੀ ਦੇਰ ਬਾਅਦ ਮਿਆਂਮਾਰ ਦੇ ਰਾਸ਼ਟਰਪਤੀ ਹਤਿਨ ਕਿਆਵ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਕਦਮਾਂ ਉਤੇ ਚਰਚਾ ਕੀਤੀ। ਦੋਹਾਂ ਆਗੂਆਂ ਨੂੰ 'ਗਾਰਡ ਆਫ਼ ਆਨਰ' ਵੀ ਦਿਤਾ ਗਿਆ।
ਮੋਦੀ ਦੋ ਦੇਸ਼ਾਂ ਦੀ ਅਪਣੀ ਯਾਤਰਾ ਦੇ ਆਖ਼ਰੀ ਪੜਾਅ 'ਤੇ ਮਿਆਂਮਾਰ ਪੁੱਜੇ ਹਨ। ਉਹ ਚੀਨ 'ਚ ਬ੍ਰਿਕਸ ਸ਼ਿਖਰ ਸੰਮੇਲਨ 'ਚ ਸ਼ਰੀਕ ਹੋਣ ਮਗਰੋਂ ਇੱਥੇ ਆਏ ਹਨ। ਮਿਆਂਮਾਰ ਦੇ ਰਾਖਾਇਨ ਸੂਬੇ 'ਚ ਰੋਹਿੰਗਾ ਮੁਸਲਮਾਨਾਂ ਨਾਲ ਹਿੰਸਾ ਦੀਆਂ ਘਟਨਾਵਾਂ 'ਚ ਤੇਜ਼ੀ ਆਉਣ ਵਿਚਕਾਰ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਹੋ ਰਹੀ ਹੈ।
ਮੋਦੀ ਮਿਆਂਮਾਰ ਦੀ 'ਸਟੇਟ ਕਾਊਂਸਲਰ' ਆਂਗ ਸਾਨ ਸੂ ਚੀ ਨਾਲ ਕਲ ਵੱਖੋ-ਵੱਖ ਮੁੱਦਿਆਂ ਉਤੇ ਗੱਲਬਾਤ ਕਰਨਗੇ। ਰੋਹਿੰਗਾ ਲੋਕਾਂ ਨੇ ਗੁਆਂਢੀ ਦੇਸ਼ਾਂ 'ਚ ਹਿਜਰਤ ਕਰਨ ਦਾ ਵਿਸ਼ਾ ਚਰਚਾ 'ਚ ਮੋਦੀ ਵਲੋਂ ਚੁੱਕੇ ਜਾਣ ਦੀ ਉਮੀਦ ਹੈ। ਭਾਰਤ ਸਰਕਾਰ ਅਪਣੇ ਦੇਸ਼ 'ਚ ਰੋਹਿੰਗਾ ਪ੍ਰਵਾਸੀਆਂ ਬਾਰੇ ਵੀ ਚਿੰਤਤ ਹੈ। ਉਹ ਉਨ੍ਹਾਂ ਨੂੰ ਵਾਪਸ ਭੇਜਣ ਬਾਰੇ ਵਿਚਾਰ ਕਰ ਰਹੀ ਹੈ। ਮੰਨਿਆ ਜਾਂਦਾ ਹੈ ਕਿ ਲਗਭਗ 40 ਹਜ਼ਾਰ ਰੋਹਿੰਗਾ ਭਾਰਤ 'ਚ ਨਾਜਾਇਜ਼ ਤੌਰ 'ਤੇ ਰਹਿ ਰਹੇ ਹਨ।
ਇਹ ਮੋਦੀ ਦੀ ਮਿਆਂਮਾਰ ਦੀ ਪਹਿਲੀ ਦੁਵੱਲੀ ਯਾਤਰਾ ਹੈ। ਉਨ੍ਹਾਂ 2014 'ਚ ਆਸਿਆਨ ਭਾਰਤ ਸੰਮੇਲਨ 'ਚ ਸ਼ਰੀਕ ਹੋਣ ਲਈ ਵੀ ਮਿਆਂਮਾਰ ਦੀ ਯਾਤਰਾ ਕੀਤੀ ਸੀ। ਮੋਦੀ ਨੇ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਮਿਆਂਮਾਰ ਸੁਰੱਖਿਆ ਅਤੇ ਅਤਿਵਾਦ ਰੋਕੂ, ਵਪਾਰ ਅਤੇ ਨਿਵੇਸ਼, ਬੁਨਿਆਦੀ ਢਾਂਚਾ ਅਤੇ ਊਰਜਾ ਅਤੇ ਸੰਸਕ੍ਰਿਤੀ ਦੇ ਖੇਤਰਾਂ 'ਚ ਸਹਿਯੋਗ ਮਜ਼ਬੂਤ ਕਰਨ ਉਤੇ ਵਿਚਾਰ ਕਰ ਰਹੇ ਹਨ।
ਮਿਆਂਮਾਰ ਭਾਰਤ ਦੇ ਪ੍ਰਮੁੱਖ ਰਣਨੀਤਕ ਗੁਆਂਢੀ ਦੇਸ਼ਾਂ 'ਚ ਸ਼ਾਮਲ ਹੈ ਅਤੇ ਇਹ ਅਤਿਵਾਦ ਪ੍ਰਭਾਵਤ ਨਾਗਾਲੈਂਡ ਅਤੇ ਮਣੀਪੁਰ ਸਮੇਤ ਗਈ ਪੂਰਬ-ਉੱਤਰ ਸੂਬਿਆਂ ਨਾਲ 1640 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਕਰਦਾ ਹੈ। (ਪੀਟੀਆਈ)