ਮਿਆਂਮਾਰ ਫ਼ੌਜ ਤੇ ਰੋਹਿੰਗਿਆ ਵਿਦਰੋਹੀਆਂ ਦਰਮਿਆਨ ਟਕਰਾਅ 'ਚ 400 ਹਲਾਕ

ਖ਼ਬਰਾਂ, ਕੌਮਾਂਤਰੀ

ਢਾਕਾ, 1 ਸਤੰਬਰ: ਮਿਆਂਮਾਰ ਦੇ ਅਸ਼ਾਂਤ ਰਖਾਇਨ ਇਲਾਕੇ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਪੁਲਿਸ ਨਾਕਿਆਂ ਅਤੇ ਫ਼ੌਜੀ ਅੱਡਿਆਂ 'ਤੇ 24 ਅਗੱਸਤ ਨੂੰ ਹਮਲੇ ਤੋਂ ਬਾਅਦ ਫ਼ੌਜ ਨੇ ਰੋਹਿੰਗਿਆ ਵਿਦਰੋਹੀਆਂ ਅਤੇ ਉਨ੍ਹਾਂ ਦੇ ਅੱਡੇ ਖ਼ਤਮ ਕਰਨ ਲਈ ਅਭਿਆਨ ਛੇੜ ਦਿਤਾ ਹੈ। ਇਸ ਖੂਨੀ ਟਕਰਾਅ 'ਚ ਹੁਣ ਤਕ ਕਰੀਬ 400 ਲੋਕਾਂ ਦੀ ਮੌਤ ਹੋ ਚੁਕੀ ਹੈ। ਸੰਯੁਕਤ ਰਾਸ਼ਟਰ ਅਨੁਸਾਰ ਫ਼ੌਜੀ ਅਭਿਆਨ ਦੇ ਬਾਅਦ ਤੋਂ 38 ਹਜ਼ਾਰ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ 'ਚ ਪਹੁੰਚ ਚੁਕੇ ਹਨ। ਵੀਹ ਹਜ਼ਾਰ ਤੋਂ ਜ਼ਿਆਦਾ ਰਫ਼ਿਊਜ਼ੀ ਮਿਆਂਮਾਰ ਅਤੇ ਬੰਗਲਾਦੇਸ਼ ਦੇ ਸਰਹੱਦੀ ਇਲਾਕਿਆਂ 'ਚ ਫਸੇ ਹੋਏ ਹਨ।
ਦਹਾਕਿਆਂ ਬਾਅਦ ਹਾਲਾਤ ਇੰਨੇ ਖ਼ਰਾਬ ਹੋਏ ਹਨ। ਸਾਲ 2012 'ਚ ਰਖਾਇਨ ਇਲਾਕੇ ਦੀ ਰਾਜਧਾਨੀ ਸਿਤਵੇ 'ਚ ਭੜਕੇ ਦੰਗਿਆਂ 'ਚ 200 ਲੋਕ ਮਾਰੇ ਗਏ ਸਨ ਅਤੇ 1.40 ਲੱਖ ਲੋਕਾਂ ਦੀ ਰਿਹਾਇਸ਼ ਪ੍ਰਭਾਵਤ ਹੋਈ ਸੀ। ਇਸ ਵਾਰ ਛੇ ਦਿਨਾਂ 'ਚ ਹੀ ਰਿਹਾਇਸ਼ ਪ੍ਰਭਾਵਤਾਂ ਦੀ ਗਿਣਤੀ 60 ਹਜ਼ਾਰ ਦੇ ਕਰੀਬ ਪਹੁੰਚ ਚੁਕੀ ਹੈ। ਮਿਆਂਮਾਰ ਦੀ ਫ਼ੌਜ ਦਾ ਕਹਿਣਾ ਹੈ ਕਿ ਉਸ ਦਾ ਅਭਿਆਨ ਅਤਿਵਾਦੀਆਂ ਵਿਰੁਧ ਹੈ। ਫ਼ੌਜ ਨੇ ਵੀਰਵਾਰ ਨੂੰ ਕਿਹਾ ਕਿ ਮਰਨ ਵਾਲਿਆਂ 'ਚ 370 ਰੋਹਿੰਗਿਆ ਵਿਦਰੋਹੀ, 13 ਫ਼ੌਜ ਦੇ ਜਵਾਨ, ਦੋ ਸਰਕਾਰੀ ਅਧਿਕਾਰੀ ਅਤੇ 14 ਆਮ ਨਾਗਰਿਕ ਹਨ। ਚਾਰ ਵਿਦਰੋਹੀ ਗ੍ਰਿਫ਼ਤਾਰ ਵੀ ਕੀਤੇ ਗਏ ਹਨ, ਇਨ੍ਹਾਂ 'ਚ 13 ਸਾਲ ਦਾ ਇਕ ਨਾਬਾਲਗ਼ ਵੀ ਸ਼ਾਮਲ ਹੈ। ਇਸੇ ਦਰਮਿਆਨ, ਕਿਸ਼ਤੀ ਹਾਦਸੇ 'ਚ ਮਾਰੇ ਗਏ ਰਫ਼ਿਊਜ਼ੀਆਂ ਦੀ ਗਿਣਤੀ 40 ਤਕ ਪਹੁੰਚ ਗਈ ਹੈ। ਰਫ਼ਿਊਜ਼ੀਆਂ ਨਾਲ ਲੱਦੀ ਇਕ ਕਿਸ਼ਤੀ ਬੁਧਵਾਰ ਨੂੰ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਵੰਡਣ ਵਾਲੀ ਨਫ਼ ਨਦੀ 'ਚ ਡੁੱਬ ਗਈ ਸੀ। ਬੰਗਲਾਦੇਸ਼ ਦੇ ਸਰਹੱਦੀ ਇਲਾਕੇ ਕਾਕਸ ਬਾਜ਼ਾਰ 'ਚ ਹਜ਼ਾਰਾਂ ਦੀ ਗਿਣਤੀ 'ਚ ਭੁੱਖੇ-ਪਿਆਸੇ ਰਫ਼ਿਊਜ਼ੀ ਪਹੁੰਚ ਰਹੇ ਹਨ। (ਏਜੰਸੀ)